PM ਸੁਰੱਖਿਆ ਮਾਮਲਾ: ਜ਼ਿੰਮੇਵਾਰ ਅਫ਼ਸਰਾਂ 'ਤੇ ਹੋਣੀ ਚਾਹੀਦੀ ਹੈ ਕਾਰਵਾਈ -ਪ੍ਰਕਾਸ਼ ਸਿੰਘ ਬਾਦਲ
'ਰਾਸ਼ਟਰਪਤੀ ਰਾਜ ਲਾਗੂ ਕਰਕੇ ਸੂਬੇ ਦੇ ਲੋਕਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ'
ਸ੍ਰੀ ਮੁਕਤਸਰ ਸਾਹਿਬ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਫੇਰੀ ਦੌਰਾਨ ਫ਼ਿਰੋਜ਼ਪੁਰ ਦੀ ਰੱਦ ਹੋਈ ਰੈਲੀ ਅਤੇ ਉਨ੍ਹਾਂ ਦੀ ਸੁਰੱਖਿਆ ਵਿਚ ਕੁਤਾਹੀ ਦਾ ਹਵਾਲਾ ਦਿੰਦਿਆਂ ਕਈ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਹਨ।
ਜ਼ਿਆਦਾਤਰ ਭਾਜਪਾ ਆਗੂਆਂ ਵਲੋਂ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਮੀਡੀਆ ਨਾਲ ਗਲਬਾਤ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਲੋਕਤੰਤਰ ਹੈ। ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਕੁਤਾਹੀ ਲਈ ਜੋ ਲੋਕ ਜ਼ਿੰਮੇਵਾਰ ਹਨ ਉਨ੍ਹਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਲਈ ਸੂਬੇ ਦਾ ਗ੍ਰਹਿ ਮੰਤਰੀ ਅਤੇ ਮੁੱਖ ਤੌਰ ’ਤੇ ਡੀ. ਜੀ. ਪੀ. ਜ਼ਿੰਮੇਵਾਰ ਹੈ ਅਤੇ ਉਨ੍ਹਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਵੀ ਸੂਬੇ ਵਿਚ ਪ੍ਰਧਾਨ ਮੰਤਰੀ ਆਉਂਦੇ ਹਨ ਭਾਵੇਂ ਉਨ੍ਹਾਂ ਨਾਲ ਆਪਣੀ ਸੁਰੱਖਿਆ ਹੁੰਦੀ ਹੈ ਪਰ ਸੂਬੇ ਵਲੋਂ ਵੀ ਉਨ੍ਹਾਂ ਦੇ ਨਾਲ DGP ਨੂੰ ਤੈਨਾਤ ਰਹਿਣਾ ਚਾਹੀਦਾ ਹੈ , ਇਹ ਤਾਂ ਹੁਣ ਸੂਬੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਸੰਬੰਧੀ ਜਾਂਚ ਕਮੇਟੀਆਂ ਬਣੀਆਂ ਹਨ ਅਤੇ ਜਾਂਚ ਹੋ ਰਹੀ ਹੈ ਪਰ ਰਾਸ਼ਟਰਪਤੀ ਰਾਜ ਲਾਗੂ ਕਰਕੇ ਸੂਬੇ ਦੇ ਲੋਕਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ।