ਬੀਬੀ ਰਾਜਿੰਦਰ ਕੌਰ ਭੱਠਲ ਨੇ ਕੈਪਟਨ ਅਤੇ ਸੁਖਦੇਵ ਢੀਂਡਸਾ ਨੂੰ ਦੱਸਿਆ "ਰਾਹੂ ਕੇਤੂ"

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਬੀਬੀ ਭੱਠਲ ਨੇ ਕਿਹਾ ਕਿ ਸਾਡੇ ਹੀ 2 ਰਾਹੂ ਕੇਤੂ ਪ੍ਰਧਾਨ ਮੰਤਰੀ ਨਾਲ ਚਿੰਬੜੇ ਹੋਏ ਹਨ।

Bibi Rajinder kaur bhattal attacks Captain and Sukhdev Dhindsa

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ’ਚ ਕੁਤਾਹੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ’ਤੇ ਹਮਲਾ ਬੋਲਦਿਆਂ ਉਹਨਾਂ ਨੂੰ ‘ਰਾਹੂ-ਕੇਤੂ’ ਦੱਸਿਆ ਹੈ।

Rajinder Kaur Bhattal

ਇਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਬੀਬੀ ਭੱਠਲ ਨੇ ਕਿਹਾ ਕਿ ਸਾਡੇ ਹੀ 2 ਰਾਹੂ ਕੇਤੂ ਪ੍ਰਧਾਨ ਮੰਤਰੀ ਨਾਲ ਚਿੰਬੜੇ ਹੋਏ ਹਨ। ਸੁਰੱਖਿਆ ਵਿਚ ਕੁਤਾਹੀ ਲਈ ਕੈਪਟਨ ਅਤੇ ਢੀਂਡਸਾ ਵੀ ਜ਼ਿੰਮੇਵਾਰ ਹਨ। ਇਕ ਨੇ ਮੋਗਾ ਆ ਕੇ ਕਿਹਾ ਕਿ ਮੈਨੂੰ ਕੋਰੋਨਾ ਹੋ ਗਿਆ ਅਤੇ ਕੈਪਟਨ ਖਾਲੀ ਕੁਰਸੀਆਂ ਨੂੰ ਹੀ ਸੰਬੋਧਨ ਕਰਕੇ ਚਲੇ ਗਏ।

captain Amarinder Singh

ਬੀਬੀ ਭੱਠਲ ਨੇ ਕਿਹਾ ਕਿ 5 ਜਨਵਰੀ ਨੂੰ ਜੋ ਵੀ ਹੋਇਆ ਉਹ ਮੰਦਭਾਗਾ ਹੈ ਪਰ ਇਸ ਤੋਂ ਵੀ ਜ਼ਿਆਦਾ ਮੰਦਭਾਗੀ ਚੀਜ਼ ਇਸ ਮੁੱਦੇ ’ਤੇ ਹੋ ਰਹੀ ਸਿਆਸਤ ਹੈ। ਉਹਨਾਂ ਕਿਹਾ ਕਿ ਜਦੋਂ ਵੀ ਕਿਸੇ ਥਾਂ ਪ੍ਰਧਾਨ ਮੰਤਰੀ ਦਾ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਮੌਸਮ ਚੈੱਕ ਕੀਤਾ ਜਾਂਦਾ ਹੈ ਅਤੇ ਹਰੇਕ ਨੂੰ ਪਤਾ ਸੀ ਕੀ ਇਹਨਾਂ ਦਿਨੀਂ ਵਿਚ ਮੌਸਮ ਖਰਾਬ ਰਹੇਗਾ। ਪ੍ਰਧਾਨ ਮੰਤਰੀ ਦੀ ਰੈਲੀ ਲਈ ਬਾਰਿਸ਼ ਵਾਲਾ ਦਿਨ ਹੀ ਕਿਉਂ ਚੁਣਿਆ ਗਿਆ?

Sukhdev Singh Dhindsa

ਉਹਨਾਂ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਦੇ 75% ਹਿੱਸੇ ਵਿਚ ਬੀਐਸਐਫ ਤੈਨਾਤ ਹੈ, ਉਹਨਾਂ ਕੋਲੋਂ ਪੰਜਾਬ ਦੇ ਮੌਸਮ ਦੀ ਰਿਪੋਰਟ ਕਿਉਂ ਨਹੀਂ ਲਈ? ਇਸ ਤੋਂ ਇਲਾਵਾ ਕਿਸਾਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਰੈਲੀ ਦਾ ਵਿਰੋਧ ਕਰਦੇ ਹਨ, ਕੀ ਇਹਨਾਂ ਚੀਜ਼ਾਂ ’ਤੇ ਭਾਰਤ ਸਰਕਾਰ ਦੀਆਂ ਏਜੰਸੀਆਂ ਦੇ ਧਿਆਨ ਵਿਚ ਨਹੀਂ ਸੀ?

PM MODI

ਬੀਬੀ ਭੱਠਲ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਕਿ ਪ੍ਰਧਾਨ ਮੰਤਰੀ ਦੀ ਰੈਲੀ ਲਈ 70 ਹਜ਼ਾਰ ਕੁਰਸੀਆਂ ਖਾਲੀ ਹੋਣ। ਇਸ ਤੋਂ ਵੱਡੀ ਬੇਇੱਜ਼ਤੀ ਕੋਈ ਨਹੀਂ ਹੋ ਸਕਦੀ, ਇਸ ਬੇਇੱਜ਼ਤੀ ਵਿਚ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਰਾਬਰ ਦੀਆਂ ਹਿੱਸੇਦਾਰ ਹਨ। ਭਾਜਪਾ ਨੇ ਕੈਪਟਨ ਤੇ ਢੀਂਡਸਾ ਵਰਗੇ ਲੰਗੜੇ ਘੋੜਿਆਂ 'ਤੇ ਦਾਅ ਲਾ ਕੇ ਮਿੱਟੀ ਪਲੀਤ ਕਰਵਾ ਲਈ। ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਅਪਣੀ ਬੇਇੱਜ਼ਤੀ ਤੋਂ ਬਚਣ ਲਈ ਸਾਰਾ ਦੋਸ਼ ਪੰਜਾਬ ਸਿਰ ਭੰਨਿਆ ਜਾ ਰਿਹਾ ਹੈ। ਉਹਨਾਂ ਕਿਹਾ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕੀਤੀ, ਜਦੋਂ 750 ਕਿਸਾਨ ਸ਼ਹੀਦ ਹੋਏ, ਉਹ ਉਦੋਂ ਰਾਸ਼ਟਰਪਤੀ ਨੂੰ ਮਿਲਣ ਕਿਉਂ ਨਹੀਂ ਗਏ?