ਮੌਸਮ ਦਾ ਮਿਜ਼ਾਜ: ਪੰਜਾਬ ’ਚ 9 ਜਨਵਰੀ ਤਕ ਖ਼ਰਾਬ ਰਹੇਗਾ ਮੌਸਮ, ਛਾਏ ਰਹਿਣਗੇ ਬੱਦਲ
ਮੀਂਹ ਕਾਰਨ ਜਿੱਥੇ ਠੰਢ ਕਾਫੀ ਵੱਧ ਗਈ ਹੈ, ਉਥੇ ਹੀ ਦੋ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਕਈ ਸ਼ਹਿਰਾਂ ਵਿਚ ਪ੍ਰਦੂਸ਼ਣ ਵੀ ਘੱਟ ਹੋ ਗਿਆ ਹੈ।
ਲੁਧਿਆਣਾ: ਪੰਜਾਬ ਦੇ ਨਾਲ-ਨਾਲ ਸਰਗਰਮ ਵੈਸਟਰਨ ਡਿਸਟਰਬੈਂਸ ਕਾਰਨ ਮੀਂਹ ਦੀ ਲਪੇਟ ’ਚ ਹੈ। ਬੱਧਵਾਰ ਨੂੰ ਵੀ ਤੇਜ਼ ਹਵਾਵਾਂ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸਵੇਰ ਤੋਂ ਰਾਤ ਤਕ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਮੀਂਹ ਕਾਰਨ ਜਿੱਥੇ ਠੰਢ ਕਾਫੀ ਵੱਧ ਗਈ ਹੈ, ਉਥੇ ਹੀ ਦੋ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਕਈ ਸ਼ਹਿਰਾਂ ਵਿਚ ਪ੍ਰਦੂਸ਼ਣ ਵੀ ਘੱਟ ਹੋ ਗਿਆ ਹੈ।
ਇੰਡੀਆ ਮੈਟਰੋਲੋਜੀਕਲ ਵਿਭਾਗ, ਚੰਡੀਗੜ੍ਹ, ਅੰਮ੍ਰਿਤਸਰ ਦੇ ਅਨੁਸਾਰ 2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 11.6 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 13.7 ਡਿਗਰੀ ਸੈਲਸੀਅਸ ਰਿਹਾ। ਘੱਟੋ-ਘੱਟ ਤਾਪਮਾਨ ਆਮ ਨਾਲੋਂ ਅੱਠ ਡਿਗਰੀ ਵੱਧ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਘੱਟ ਰਿਹਾ।
ਬਠਿੰਡਾ ਵਿਚ 4 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 10.6 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਰਿਹਾ। ਪਟਿਆਲਾ ਵਿਚ 2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਵਿਭਾਗ ਦੀ ਭਵਿੱਖਬਾਣੀ ਦੀ ਮੰਨੀਏ ਤਾਂ 9 ਜਨਵਰੀ ਤਕ ਪੰਜਾਬ ਵਿਚ ਬੱਦਲ ਛਾਏ ਰਹਿਣਗੇ, ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।