ਫਾਜ਼ਿਲਕਾ ਤੋਂ 31 ਕਿਲੋ ਹੈਰੋਇਨ ਨਾਲ 1 ਫੌਜੀ ਜਵਾਨ ਨੂੰ ਉਸ ਦੇ ਸਾਥੀ ਸਮੇਤ ਕੀਤਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

 - ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਨਸਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ

1 army man along with his partner arrested with 31 kg heroin from Fazilka

 

ਚੰਡੀਗੜ/ਫਾਜ਼ਿਲਕਾ : ਮੁੱਖ ਮੰਤਰੀ  ਭਗਵੰਤ ਮਾਨ ਦੇ ਦਿਸਾ-ਨਿਰਦੇਸਾਂ ‘ਤੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਜੰਗ ਤਹਿਤ ਸਰਹੱਦ ਪਾਰੋਂ ਨਸ਼ਿਆਂ  ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ, ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਅਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨਾਲ ਅੰਜਾਮ ਦਿਤੇ  ਸਾਂਝੇ  ਆਪਰੇਸ਼ਨ ਵਿੱਚ ਇੱਕ ਫੌਜੀ ਨੂੰ ਉਸਦੇ ਸਾਥੀ ਸਣੇ , ਹੈਰੋਇਨ ਦੇ 29 ਪੈਕਟ, ਜਿਨਾਂ ਦਾ ਵਜ਼ਨ 31.02 ਕਿਲੋ ਬਣਦਾ ਹੈ, ਸਮੇਤ ਗਿਰਫ਼ਤਾਰ ਕੀਤਾ।

ਇਹ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸਨੀਵਾਰ ਨੂੰ ਇੱਥੇ ਦੱਸਿਆ ਕਿ ਪਠਾਨਕੋਟ ਵਿੱਚ ਸਿਪਾਹੀ ਵਜੋਂ ਤਾਇਨਾਤ 26 ਸਾਲਾ ਫੌਜੀ ਜਵਾਨ ਨੂੰ ਉਸਦੇ ਸਾਥੀ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਮਹਾਲਮ ਜ਼ਿਲਾ ਫਾਜ਼ਿਲਕਾ , ਸਮੇਤ ਗਿ੍ਰਫਤਾਰ ਕੀਤਾ ਗਿਆ ਹੈ।  ਹੈਰੋਇਨ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਨੇ ਉਕਤ ਦੋਸ਼ੀਆਂ ਕੋਲੋਂ 1 ਹੁੰਡਈ ਵਰਨਾ ਕਾਰ (ਯੂਪੀ 80 ਸੀਡੀ 0023) ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ।

ਡੀਜੀਪੀ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਅਤੇ ਬੀਐਸਐਫ ਦੇ ਨਾਲ ਇੱਕ  ਇਕ ਪੂਰਨ ਤਾਲਮੇਲ ਵਾਲੀ ਕਾਰਵਾਈ ਤਹਿਤ  ਐਸਐਸਪੀ ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਫਾਜ਼ਿਲਕਾ ਪੁਲਿਸ ਨੇ ਸਦਰ ਫਾਜ਼ਿਲਕਾ ਦੇ ਖੇਤਰ ਵਿੱਚ ਘੇਰਾਬੰਦੀ ਕੀਤੀ ਅਤੇ ਤਲਾਸੀ ਮੁਹਿੰਮ ਚਲਾਈ।  ਤਲਾਸ਼ੀ ਦੌਰਾਨ ਇਕ “ਵਰਨਾ ਕਾਰ ਦੀ ਚੈਕਿੰਗ ਕਰਨ ‘ਤੇ, ਇੱਕ ਸਵਾਰ ਨੇ ਆਈਡੀ ਕਾਰਡ ਦਿਖਾਉਂਦੇ ਹੋਏ ਖ਼ੁਦ ਨੂੰ ਭਾਰਤੀ ਫੌਜ ਦਾ ਜਵਾਨ ਦੱਸਿਆ ਅਤੇ ਜਦੋਂ ਪੁਲਿਸ ਨੇ ਵਾਹਨ ਦੀ ਜਾਂਚ ਕਰਨ ਲਈ ਜੋਰ ਪਾਇਆ ਤਾਂ ਉਹ ਕਾਰ ਭਜਾਕੇ ਲਿਜਾਣ ਵਿੱਚ ਕਾਮਯਾਬ ਹੋ ਗਏ।

ਉਨਾਂ ਕਿਹਾ ਕਿ ਪੁਲਿਸ ਟੀਮਾਂ ਨੇ ਤੁਰੰਤ ਸਾਰੇ ਨਾਕਿਆਂ ਨੂੰ ਮਜਬੂਤ ਕੀਤਾ ਅਤੇ  ਗਾਗਨਕੇ-ਸਮਸਾਬਾਦ ਰੋਡ ਨਕਾਬੰਦੀ ਕਰਕੇ ਦੋਸ਼ੀਆ ਨੂੰ ਕਾਬੂ ਕਰਨ  ‘ਚ ਕਾਮਯਾਬੀ ਹਾਸਿਲ ਕੀਤੀ। ਉਨਾਂ ਦੱਸਿਆ ਕਿ ਪੁਲੀਸ ਟੀਮਾਂ ਨੇ ਗੱਡੀ ਦੀ ਚੈਕਿੰਗ ਕਰਨ ’ਤੇ ਕਾਰ ਵਿੱਚੋਂ 29 ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਡੀਜੀਪੀ ਨੇ ਦੁਹਰਾਇਆ ਕਿ ਪੰਜਾਬ ਪੁਲਿਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜੋਂ ਪੁੱਟਣ ਲਈ ਵਚਨਬੱਧ ਹੈ। 

ਡੀਆਈਜੀ ਫਿਰੋਜਪੁਰ ਰੇਂਜ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਦੋਸੀ ਪਾਈਪ ਦੀ ਮਦਦ ਨਾਲ ਸਰਹੱਦੀ ਕੰਡਿਆਲੀ ਤਾਰ ਤੋੰ ਪਾਰ  ਪਾਕਿਸਤਾਨ ਸਥਿਤ ਤਸਕਰਾਂ ਵੱਲੋਂ ਭੇਜੀ ਗਈ ਨਸ਼ਿਆਂ ਦੀ ਖੇਪ ਬਰਾਮਦ ਕਰਕੇ ਸਰਹੱਦੀ ਜ਼ਿਲੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਵਿਚ ਸਨ।  ਉਨਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧੀ  ਐਫ.ਆਈ.ਆਰ ਨੰ.  7 ਮਿਤੀ 07.01.2023 ਨੂੰ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21-ਸੀ, 23 ਅਤੇ 29 ਅਧੀਨ ਥਾਣਾ ਸਦਰ ਫਾਜ਼ਿਲਕਾ ਵਿਖੇ ਕੇਸ  ਦਰਜ ਕੀਤਾ ਗਿਆ ਹੈ