ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਗੈਂਗਸਟਰ ਅਰਸ਼ ਡੱਲਾ ਨਾਲ ਜੁੜੇ ਵਿਅਕਤੀਆਂ ‘ਤੇ ਟਿਕਾਣਿਆਂ ਦੀ ਕੀਤੀ ਤਲਾਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

192 ਪੁਲਿਸ ਪਾਰਟੀਆਂ ਨੇ ਅਰਸ਼ ਡੱਲਾ ਨਾਲ ਜੁੜੇ 232 ਵਿਅਕਤੀਆਂ ਦੇ ਟਿਕਾਣਿਆਂ ਦੀ ਕੀਤੀ ਤਲਾਸ਼ੀ

photo

 

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਗੈਂਗਸਟਰ-ਅੱਤਵਾਦੀ ਗਠਜੋੜ ਵਿਰੁੱਧ ਵੱਡੇ ਪੱਧਰ ‘ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਸ਼ਨੀਵਾਰ ਸਵੇਰੇ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਨਾਲ ਜੁੜੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ‘ਤੇ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ। ।

ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਚੱਲ ਰਹੇ ਕੇਸਾਂ ਵਿੱਚ ਮੋਗਾ ਜਿਲ੍ਹੇ ਦੇ ਪਿੰਡ ਡੱਲਾ ਦੇ ਅਰਸ਼ ਡੱਲਾ ਨਾਲ ਸਬੰਧਤ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ’ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਇਸ ਆਪ੍ਰੇਸ਼ਨ ਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ‘ਚ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਗੱਠਜੋੜ ਨੂੰ ਨੇਸਤ -ਓ-ਨਾਬੂਤ ਕਰਨਾ ਸੀ।

ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਕਿਹਾ ਕਿ ਅੱਜ ਦੀ ਤਲਾਸ਼ੀ ਮੁਹਿੰਮ ਹਾਲ ਹੀ ਵਿੱਚ  ਅਰਸ਼ ਡੱਲਾ ਦੀ ਹਮਾਇਤ ਵਾਲੇ ਮਾਡਿਊਲਾਂ ’ਚ ਸ਼ਾਮਲ ਕਈ ਵਿਅਕਤੀਆਂ ਦੀ ਪੁੱਛਗਿੱਛ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਵਿੱਚ ਪੁਲਿਸ ਦਾ ਖੌਫ਼ ਪੈਦਾ ਕੀਤਾ ਜਾ ਸਕੇ ਅਤੇ ਆਮ  ਲੋਕਾਂ ਵਿੱਚ ਸੁਰੱਖਿਆ  ਦੀ ਭਾਵਨਾ ਪੈਦਾ ਕੀਤੀ ਕੀਤੀ ਜਾ ਸਕੇ। ਇਹ ਅਪਰੇਸ਼ਨ ਸੂਬੇ ਭਰ ਦੇ ਸਾਰੇ ਜਿਲਿਆਂ ਵਿੱਚ ਇੱਕੋ ਸਮੇਂ ਚਲਾਇਆ ਗਿਆ।  

 ਤਲਾਸ਼ੀ ਮੁਹਿੰਮ ਦੌਰਾਨ 192 ਪੁਲਿਸ ਪਾਰਟੀਆਂ ਨੇ ਅਰਸ਼ ਡੱਲਾ ਨਾਲ ਜੁੜੇ ਲਗਭਗ 232 ਵਿਅਕਤੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਕੀਤੀ। ਘੇਰਾਬੰਦੀ ਅਤੇ ਸਰਚ ਆਪਰੇਸ਼ਨ ਦੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਹੋਰ ਪੜਤਾਲ ਲਈ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨਾਂ ਦੇ ਕਬਜ਼ੇ ਚੋਂ ਅਪਰਾਧਕ ਸਮੱਗਰੀ ਜ਼ਬਤ ਕੀਤੀ ਗਈ ਹੈ, ਜਿਸ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।

ਤਲਾਸ਼ੀ ਮੁਹਿੰਮ ਦੌਰਾਨ ਇਲੈਕਟ੍ਰਾਨਿਕ ਯੰਤਰਾਂ  ਤੋਂ ਡਾਟਾ ਇਕੱਠਾ ਕੀਤਾ ਗਿਆ, ਅਸਲਾ ਲਾਇਸੈਂਸਾਂ ਦੀ ਜਾਂਚ ਕੀਤੀ ਗਈ, ਅਸਲਿਆਂ ਦੀ ਸੋਰਸਿੰਗ ਦਾ ਪਤਾ ਲਗਾਇਆ ਗਿਆ, ਵਿਦੇਸ਼ੀ ਮੂਲ ਦੇ ਪਰਿਵਾਰਕ ਮੈਂਬਰਾਂ ਦੇ ਯਾਤਰਾ ਸਬੰਧੀ ਵੇਰਵੇ ਇਕੱਠੇ ਕੀਤੇ ਗਏ, ਵਿਦੇਸ਼ਾਂ ਅਤੇ ਵੈਸਟਰਨ ਯੂਨੀਅਨ ਤੋਂ ਬੈਂਕਾਂ ਦੇ ਲੈਣ-ਦੇਣ ਅਤੇ ਜਾਇਦਾਦ ਦੇ ਵੇਰਵੇ ਇਕੱਠੇ ਕੀਤੇ ਗਏ, ਜੋ ਹੋਰ ਵੀ ਡੰਘਾਈ ਨਾਲ ਪੜਤਾਲੇ ਜਾ ਰਹੇ ਹਨ। ਪੁਲਿਸ ਅਨੁਸਾਰ ਕੈਨੇਡਾ ਸਥਿਤ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਇੱਕ  ਗੈਂਗਸਟਰ ਤੋਂ ਬਣਿਆ ਅੱਤਵਾਦੀ ਹੈ, ਜੋ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ  ਅਤੇ ਪੰਜਾਬ ਪੁਲਿਸ ਵੱਲੋਂ ਮੋਸਟ ਵਾਂਟੇਡ ਅਪਰਾਧੀ ਹੈ। ਉਹ ਇੱਕ ਸ੍ਰੇਣੀ-ਏ ਗੈਂਗਸਟਰ  ਤੋਂ ਬਣਿਆ ਅੱਤਵਾਦੀ ਹੈ ਅਤੇ ਇੱਕ ਪਾਬੰਦੀਸੁਦਾ ਅੱਤਵਾਦੀ ਸੰਗਠਨ  ਕੇ.ਟੀ.ਐਫ਼. ਦਾ ਕਾਰਕੁੰਨ ਹੈ। ਸਾਲ 2020 ਵਿੱਚ, ਉਹ ਆਪਣੇ ਇੱਕ ਸਾਥੀ ਸੁੱਖਾ ਲੰਮੇ ਦਾ ਕਤਲ ਕਰਨ ਤੋਂ ਬਾਅਦ ਕੈਨੇਡਾ ਫਰਾਰ ਹੋ ਗਿਆ ਸੀ।

ਕੈਨੇਡਾ ਵਿੱਚ ਬੈਠ ਕੇ ਹੀ ਉਹ ਪੰਜਾਬ ਵਿੱਚ ਫਿਰੌਤੀ, ਹੱਤਿਆਵਾਂ ਅਤੇ ਹੋਰ ਦਹਿਸ਼ਤੀ ਅਪਰਾਧਾਂ ਵਿੱਚ ਸ਼ਾਮਲ ਗੈਂਗਸਟਰਾਂ ਦਾ ਨੈੱਟਵਰਕ ਚਲਾਉਂਦਾ ਸੀ। ਉਹ ਮਨੀਲਾ, ਮਲੇਸ਼ੀਆ, ਕੈਨੇਡਾ ਅਤੇ ਪਾਕਿਸਤਾਨ ਸਥਿਤ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਨਾਂ ਅਪਰਾਧਾਂ ਨੂੰ ਅੰਜਾਮ ਦਿੰਦਾ ਰਿਹਾ ਹੈ। ਉਸ ਵਿਰੁੱਧ ਕਤਲ, ਲੁੱਟ-ਖੋਹ, ਡਕੈਤੀ, ਫਿਰੌਤੀ, ਫਿਰੌਤੀ ਅਤੇ ਦਹਿਸ਼ਤ ਫੈਲਾਉਣ ਸਬੰਧੀ 35 ਐਫਆਈਆਰਜ਼ ਦਰਜ ਹਨ। ਉਸ ਦੀ ਸ਼ਮੂਲੀਅਤ ਪੰਜਾਬ ਦੇ ਸਰਹੱਦੀ ਰਾਜ ਵਿੱਚ ਹੋਈਆਂ ਕਈ ਮਿੱਥਕੇ ਕੀਤੀਆਂ  ਹੱਤਿਆਵਾਂ ਵਿੱਚ ਵੀ ਸਾਹਮਣੇ ਆਈ ਸੀ।  ਇਸ ਤੋਂ ਇਲਾਵਾ ਉਹ  ਪਾਕਿਸਤਾਨ ਤੋਂ ਡਰੋਨ ਰਾਹੀਂ ਜਾਂ ਗੈਰ ਕਾਨੂੰਨੀ ਢੰਗ ਨਾਲ ਦਰਾਮਦ ਕੀਤੇ ਆਰਡੀਐਕਸ, ਆਈਈਡੀ, ਏਕੇ-47 ਅਤੇ ਹੋਰ ਹਥਿਆਰਾਂ ਅਤੇ ਗੋਲੀ ਸਿੱਕਾ ਨੂੰ ਰਾਜ ਵਿੱਚ ਵੱਖ ਵੱਖ ਮਾਡਿਊਲਾਂ ਨੂੰ ਸਪਲਾਈ ਕਰਨ ਦੇ ਮਾਮਲਿਆਂ ਵਿੱਚ ਵੀ ਸ਼ਾਮਲ ਸੀ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਰਸ਼ ਡੱਲਾ ਦੀ ਕੈਨੇਡਾ ਤੋਂ ਹਵਾਲਗੀ ਲਈ ਪ੍ਰਕਿਰਿਆ ਪਹਿਲਾਂ ਹੀ ਜਾਰੀ ਹੈ ਅਤੇ ਜਲਦੀ ਹੀ ਉਸ ਨੂੰ ਭਾਰਤ ਲਿਆਂਦਾ ਜਾਵੇਗਾ। ਜਿਕਰਯੋਗ ਹੈ ਕਿ ਅਰਸ਼ ਡੱਲਾ ਖਿਲਾਫ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਇਸ ਦੀ ਜ਼ੋਰਦਾਰ ਢੰਗ ਨਾਲ ਪੈਰਵੀ ਕੀਤੀ ਜਾ ਰਹੀ ਹੈ।