BSF ਅਤੇ ਪੁਲਿਸ ਨੇ ਪਾਕਿਸਤਾਨੀ ਰੇਂਜਰਾਂ ਹਵਾਲੇ ਕੀਤੀ ਘੁਸਪੈਠੀਏ ਦੀ ਲਾਸ਼

ਏਜੰਸੀ

ਖ਼ਬਰਾਂ, ਪੰਜਾਬ

ਮੁਹੰਮਦ ਇਦਰੀਸ਼ ਵਜੋਂ ਹੋਈ ਸੀ ਘੁਸਪੈਠੀਏ ਦੀ ਪਛਾਣ 

BSF and police handed over body of intruder to Pakistani Rangers

ਪਾਕਿਸਤਾਨ ਸਥਿਤ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਦਾਊਦ ਦਾ ਰਹਿਣ ਵਾਲਾ ਸੀ ਸ਼ਖ਼ਸ
ਅੰਮ੍ਰਿਤਸਰ : ਪਾਕਿਸਤਾਨ ਨੇ ਭਾਰਤੀ ਸਰਹੱਦ 'ਚ ਦਾਖਲ ਹੋਣ 'ਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਮਾਰੇ ਗਏ ਘੁਸਪੈਠੀਏ ਦੀ ਲਾਸ਼ ਵਾਪਸ ਲੈ ਲਈ ਹੈ। ਪਿਛਲੇ ਦਿਨ ਹੀ ਪਾਕਿ ਰੇਂਜਰਾਂ ਨੇ ਲਾਸ਼ ਦੀ ਸ਼ਨਾਖਤ ਦੀ ਗੱਲ ਕੀਤੀ ਸੀ ਅਤੇ ਲਾਸ਼ ਵਾਪਸ ਮੰਗੀ ਸੀ। ਕੌਮਾਂਤਰੀ ਸਰਹੱਦ 'ਤੇ ਹੋਈ ਮੀਟਿੰਗ ਦੌਰਾਨ ਦੇਰ ਰਾਤ ਲਾਸ਼ ਨੂੰ ਪਾਕਿ ਰੇਂਜਰਾਂ ਹਵਾਲੇ ਕਰ ਦਿੱਤਾ ਗਿਆ।

ਗੌਰਤਲਬ ਹੈ ਕਿ 3 ਜਨਵਰੀ ਨੂੰ ਸਵੇਰੇ 8 ਵਜੇ ਬੀਐਸਐਫ ਦੀ 73 ਬਟਾਲੀਅਨ ਦੇ ਜਵਾਨਾਂ ਨੇ ਗੁਰਦਾਸਪੁਰ ਸੈਕਟਰ ਅਧੀਨ ਪੈਂਦੇ ਬੀਓਪੀ ਛੰਨਾ ਰਾਮਦਾਸ ਨੇੜੇ ਗਸ਼ਤ ਦੌਰਾਨ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ ਸੀ। ਮਾਰੇ ਗਏ ਘੁਸਪੈਠੀਏ ਦੀ ਪਛਾਣ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਪਿੰਡ ਦਾਊਦ ਦੇ ਰਹਿਣ ਵਾਲੇ ਮੁਹੰਮਦ ਇਦਰੀਸ਼ ਵਜੋਂ ਹੋਈ ਹੈ। ਦੋ ਦਿਨ ਬਾਅਦ ਘੁਸਪੈਠੀਏ ਦੀ ਪਛਾਣ ਹੋਣ ਤੋਂ ਬਾਅਦ ਹੁਣ ਪਾਕਿ ਰੇਂਜਰਾਂ ਨੇ ਲਾਸ਼ ਵਾਪਸ ਮੰਗ ਲਈ ਹੈ। ਪਾਕਿ ਰੇਂਜਰਾਂ ਨੇ ਸ਼ੁੱਕਰਵਾਰ ਨੂੰ ਹੀ ਮਾਰੇ ਗਏ ਘੁਸਪੈਠੀਏ ਦੇ ਦਸਤਾਵੇਜ਼ ਬੀਐਸਐਫ ਨੂੰ ਸੌਂਪ ਦਿੱਤੇ ਸਨ।

ਮਾਰੇ ਜਾਣ ਤੋਂ ਬਾਅਦ ਜਦੋਂ ਬੀਐਸਐਫ ਜਵਾਨ ਲਾਸ਼ ਦੇ ਨੇੜੇ ਗਏ ਤਾਂ ਉਸ ਕੋਲੋਂ ਇੱਕ ਪੰਪ ਗੰਨ ਅਤੇ 12 ਬੋਰ ਦੇ 5 ਰੌਂਦ ਬਰਾਮਦ ਹੋਏ ਸਨ। ਜਿਸ ਨੂੰ ਸਿਪਾਹੀਆਂ ਨੇ ਕਾਬੂ ਕਰ ਲਿਆ। ਇਸ ਤੋਂ ਇਲਾਵਾ ਮਾਰੇ ਗਏ ਘੁਸਪੈਠੀਏ ਕੋਲੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ। ਇਹ ਅਜੇ ਵੀ ਰਹੱਸ ਬਣਿਆ ਹੋਇਆ ਹੈ ਕਿ ਪਾਕਿਸਤਾਨੀ ਘੁਸਪੈਠੀਏ ਭਾਰਤੀ ਸਰਹੱਦ ਦੇ ਅੰਦਰ ਹਥਿਆਰ ਲੈ ਕੇ ਕੀ ਕਰਨ ਆਏ ਸਨ।

ਪਿਛਲੇ ਸਾਲ 2022 ਵਿੱਚ ਬੀਐਸਐਫ ਨੇ 2 ਘੁਸਪੈਠੀਏ ਮਾਰੇ ਸਨ। ਜਦਕਿ 22 ਭਾਰਤੀ ਸਰਹੱਦ ਪਾਰ ਕਰਦੇ ਫੜੇ ਗਏ ਸਨ। ਇੰਨਾ ਹੀ ਨਹੀਂ 9 ਪਾਕਿਸਤਾਨੀ ਨਾਗਰਿਕ ਜੋ ਗਲਤੀ ਨਾਲ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ 'ਤੇ ਪਹੁੰਚ ਗਏ ਸਨ, ਨੂੰ 24 ਤੋਂ 48 ਘੰਟਿਆਂ ਦੇ ਅੰਦਰ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ।