Punjab News: ਜਾਅਲੀ ਸਰਟੀਫਿਕੇਟ ਨਾਲ ਸਰਕਾਰੀ ਬੈਂਕ ‘ਚ ਨੌਕਰੀ ਕਰਨ ਵਾਲੀ ਮਹਿਲਾ ਗ੍ਰਿਫ਼ਤਾਰ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਿਲਾ ਬੈਂਕ ਵਿਚ 2 ਮਹੀਨੇ ਤੋਂ ਨੌਕਰੀ ਕਰ ਰਹੀ ਸੀ

File photo

Punjab News: ਪੰਜਾਬ ਵਿਚ ਪਿਛਲੇ ਲੰਬੇ ਸਮੇਂ ਤੋਂ ਜਾਅਲੀ ਦਸਤਾਵੇਜਾਂ ਨਾਲ ਸਰਕਾਰੀ ਨੌਕਰੀਆਂ  ਸਰਕਾਰੀ ਸਕੀਮਾਂ ਦਾ ਫ਼ਾਇਦਾ ਲੈਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਮਾਮਲਾ ਬਠਿੰਡਾ ਤੋਂ ਵੀ ਸਾਹਮਣੇ ਆਇਆ ਹੈ, ਜਿੱਥੇ ਇੱਕ ਔਰਤ ਵੱਲੋਂ ਜਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ ਸਰਕਾਰੀ ਬੈਂਕ ਵਿਚ ਨੌਕਰੀ ਕੀਤੀ ਜਾ ਰਹੀ ਸੀ ਪਰ ਹੁਣ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਦਰਅਸਲ, ਬਠਿੰਡਾ ਦੇ ਅਮਰੀਕ ਸਿੰਘ ਰੋਡ ਵਿਖੇ ਐਸਬੀਆਈ(SBI) ਬੈਂਕ ‘ਚ ਸਰਕਾਰੀ ਕਰਮਚਾਰੀ ਬਣ ਕੇ 2 ਮਹੀਨੇ ਨੌਕਰੀ ਕਰਨ ਵਾਲੀ ਮਹਿਲਾ ਨੂੰ ਥਾਣਾ ਕੋਤਵਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਕੋਤਵਾਲੀ ਦੇ ਮੁਖੀ ਦਲਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਿਕਾਇਤ ਦੇ ਆਧਾਰ ਉੱਤੇ ਇਹ ਕਾਰਵਾਈ ਕਰਦਿਆਂ ਇਸ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੈਂਕ ਦੀ ਮੈਨੇਜਰ ਸ਼ਵੇਤਾ ਜਿੰਦਲ ਨੇ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਹੋਈ ਜਾਂਚ ਦੌਰਾਨ ਸੁਖਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।   

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸਰਕਾਰੀ ਬੈਂਕ ਵਿਚ ਦੋ ਮਹੀਨੇ ਨੌਕਰੀ ਕਰ ਚੁੱਕੀ ਹੈ ਫਿਲਹਾਲ ਉਨ੍ਹਾਂ ਵੱਲੋਂ ਇਸ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਇਸ ਪੂਰੇ ਮਾਮਲੇ ਦੇ ਵਿਚ ਹੋਰ ਕੌਣ-ਕੌਣ ਸ਼ਾਮਲ ਹੈ, ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕੇ।