ਦੋ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਖੇਤਾਂ ’ਚੋਂ ਮਿਲੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਨਡਾਲੀ ਦੇ ਸਾਗਰ ਵਜੋਂ ਹੋਈ ਮ੍ਰਿਤਕ ਦੀ ਪਛਾਣ

Body of youth missing for two days found in fields

ਕਪੂਰਥਲਾ: ਕਪੂਰਥਲਾ ਦੇ ਕਾਂਜਲੀ ਰੋਡ ’ਤੇ ਸਥਿਤ ਸੁੱਖ ਸਾਗਰ ਕਲੋਨੀ ਨੇੜੇ ਖੇਤਾਂ ਵਿੱਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ । ਮ੍ਰਿਤਕ ਦੀ ਪਛਾਣ ਸਾਗਰ ਪੁੱਤਰ ਸੁਰਿੰਦਰਪਾਲ ਵਾਸੀ ਪਿੰਡ ਨਡਾਲੀ, ਥਾਣਾ ਬੇਗੋਵਾਲ ਵਜੋਂ ਹੋਈ ਹੈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਗਰ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ। ਉਹ ਆਪਣੀ ਭੈਣ ਦੇ ਪਿੰਡ ਡੋਲੇ ਤੋਂ ਬੱਸ ਰਾਹੀਂ ਕਪੂਰਥਲਾ ਆਇਆ ਸੀ ਅਤੇ ਉਸ ਨੇ ਚਰਚ ਜਾਣਾ ਸੀ, ਪਰ ਘਰ ਵਾਪਸ ਨਾ ਆਉਣ ’ਤੇ ਪਰਿਵਾਰ ਨੇ ਥਾਣਾ ਸਿਟੀ ਕਪੂਰਥਲਾ ਵਿੱਚ ਉਸ ਦੀ ਗੁਮਸ਼ੁਦਗੀ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਬਰਾਮਦ ਕਰ ਲਿਆ ਅਤੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਜਦਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।