Punjab Vidhan Sabha ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗੜਗੱਜ ਨੂੰ ਕੀਤੀ ਬੇਨਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ : ਗੁਨਾਹ ਕਬੂਲ ਕਰਨ ਵਾਲਿਆਂ ਦੇ ਬੁਲਾਰੇ ਨਾ ਬਣਨ ਜਥੇਦਾਰ ਗੜਗੱਜ

Punjab Vidhan Sabha Speaker Kultar Singh Sandhwan made a request to Sri Akal Takht Sahib Jathedar Gargajj

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕੀਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਆਪਣੇ ਗੁਨਾਹ ਕਬੂਲ ਕਰਨ ਵਾਲੇ ਲੋਕਾਂ ਦੇ ਬੁਲਾਰੇ ਬਣਨ ਦੀ ਥਾਂ, ਉਹ ਸਮੁੱਚੇ ਪੰਥ ਦੇ ਜਥੇਦਾਰ ਦੀ ਭੂਮਿਕਾ ਨਿਭਾਉਣ । ਕੁਲਤਾਰ ਸੰਧਵਾਂ ਨੇ ਕਿਹਾ, ‘‘ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਪਦਵੀ ਬੇਹੱਦ ਉੱਚੀ ਅਤੇ ਸਤਿਕਾਰਯੋਗ ਹੈ। ਪਰ ਐੱਸ. ਜੀ. ਪੀ. ਸੀ. ’ਤੇ ਕਾਬਜ਼ ਪਰਿਵਾਰ ਵੱਲੋਂ ਇਸ ਮਹਾਨ ਪਦਵੀ ਨੂੰ ਆਪਣੇ ਸਿਆਸੀ ਮੁਫ਼ਾਦਾਂ ਲਈ ਵਰਤਣ ਕਾਰਨ ਇਸ ਦੀ ਮਾਣ-ਮਰਿਆਦਾ ਨੂੰ ਭਾਰੀ ਠੇਸ ਪਹੁੰਚੀ ਹੈ ।

ਸਤਿਕਾਰਯੋਗ ਗੜਗੱਜ ਸਾਹਿਬ ਨੂੰ ਬੇਨਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਆਪਣੇ ਗੁਨਾਹ ਕਬੂਲ ਕਰਨ ਵਾਲੇ ਲੋਕਾਂ ਦੇ ਬੁਲਾਰੇ ਬਣਨ ਦੀ ਥਾਂ ਸਮੁੱਚੇ ਪੰਥ ਦੇ ਜਥੇਦਾਰ ਦੀ ਭੂਮਿਕਾ ਨਿਭਾਉਣ। ਖ਼ਾਸ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨਾਲ ਜੁੜੇ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ਼ ਨਾ ਸਿਰਫ਼ ਕਾਨੂੰਨੀ ਕਾਰਵਾਈ ਵਿਚ ਸਹਿਯੋਗ ਕੀਤਾ ਜਾਵੇ, ਸਗੋਂ ਪੰਥਕ ਰਹੁ-ਰੀਤਾਂ ਅਨੁਸਾਰ ਵੀ ਸਖ਼ਤ ਐਕਸ਼ਨ ਲਿਆ ਜਾਵੇ। ਜਥੇਦਾਰ ਸਾਹਿਬ ਲਈ ਇਸ ਮੌਕੇ ਜਥੇਦਾਰ ਫੂਲਾ ਸਿੰਘ ਜੀ ਦੀ ਨਿਡਰ ਅਤੇ ਇਨਸਾਫ਼ਪਸੰਦ ਭੂਮਿਕਾ ਨੂੰ ਯਾਦ ਕਰਨਾ ਸਮੇਂ ਦੀ ਲੋੜ ਹੈ।’’ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਇਹ ਟਿੱਪਣੀ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ 15 ਜਨਵਰੀ ਨੂੰ ਅਕਾਲ ਤਖ਼ਤ ਸਕੱਤਰੇਤ ’ਚ ਤਲਬ ਕੀਤੇ ਜਾਣ ਤੋਂ ਬਾਅਦ ਆਈ ਹੈ। ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਅਕਾਲ ਤਖ਼ਤ ਸਾਹਿਬ ਤੋਂ ਆਇਆ ਹਰ ਹੁਕਮ ਸਿਰ ਮੱਥੇ ਹੈ ਅਤੇ ਉਹ ਨੰਗੇ ਪੈਰ ਚੱਲ ਕੇ ਉਥੇ ਹਾਜ਼ਰ ਹੋਣਗੇ।