ਰਾਸ਼ਨ ਡਿਪੂ ‘ਤੇ ਲਾਈਨ ‘ਚ ਖੜੇ ਹੋਣ ਨੂੰ ਲੈ ਕੇ ਨੌਜਵਾਨ ਵਲੋਂ ਸਾਬਕਾ ਫ਼ੌਜੀ ‘ਤੇ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਰਾਸ਼ਨ ਡਿਪੂ ਉਤੇ ਲਾਈਨ ਬਣਾ ਕੇ ਰਾਸ਼ਨ ਲੈਣ ਦੀ ਗੱਲ ਕਹਿਣ ਉਤੇ ਇਕ ਨੌਜਵਾਨ ਨੇ ਸਾਬਕਾ ਫ਼ੌਜੀ...

Punjab Police

ਮੋਗਾ : ਸਰਕਾਰੀ ਰਾਸ਼ਨ ਡਿਪੂ ਉਤੇ ਲਾਈਨ ਬਣਾ ਕੇ ਰਾਸ਼ਨ ਲੈਣ ਦੀ ਗੱਲ ਕਹਿਣ ਉਤੇ ਇਕ ਨੌਜਵਾਨ ਨੇ ਸਾਬਕਾ ਫ਼ੌਜੀ ਉਤੇ ਹਮਲਾ ਕਰਕੇ ਜਖ਼ਮੀ ਕਰ ਦਿਤਾ। ਨੌਜਵਾਨ ਨੇ ਪਹਿਲਾਂ ਸਾਈਕਲ ਚੱਕ ਕੇ ਫ਼ੌਜੀ ਉਤੇ ਸੁੱਟ ਦਿਤਾ। ਉਸ ਤੋਂ ਬਾਅਦ ਗਡਾਸੀ ਨਾਲ ਹਮਲਾ ਕਰ ਦਿਤਾ। ਵਾਰਦਾਤ ਗੁਰਦੁਆਰਾ ਸਾਹਿਬ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਪਿੰਡ ਜੈ ਸਿੰਘ ਵਾਲਾ ਨਿਵਾਸੀ 61 ਸਾਲ ਦਾ ਬਲਵਿੰਦਰ ਸਿੰਘ ਸਾਬਕਾ ਫ਼ੌਜੀ ਨੇ ਦੱਸਿਆ ਕਿ ਪਿੰਡ ਦੇ ਸਰਕਾਰੀ ਰਾਸ਼ਨ ਦੇ ਡਿਪੂ ਹੋਲਡਰ ਨੇ ਸਰਕਾਰੀ ਕਣਕ ਵੰਡਣ ਲਈ ਪਿੰਡ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਵਿਚ ਬੁਲਾਇਆ ਸੀ। ਇਸ ਤੋਂ ਬਾਅਦ ਉਥੇ ਬਹੁਤ ਜਿਆਦਾ ਭੀੜ ਇਕੱਠੀ ਹੋਣ ਦੇ ਚਲਦੇ ਵੱਡੀ ਲਾਈਨ ਲੱਗੀ ਸੀ। ਅਜਿਹੇ ਵਿਚ ਉਸ ਨੇ ਕਿਹਾ ਕਿ ਇਕ ਲਾਈਨ ਪੁਰਸ਼ਾਂ ਅਤੇ ਦੂਜੀ ਲਾਈਨ ਔਰਤਾਂ ਦੀ ਬਣਾ ਲਓ ਤਾਂ ਕਿ ਠੀਕ ਢੰਗ ਨਾਲ ਰਾਸ਼ਨ ਵੰਡ ਹੋ ਜਾਵੇ। ਇਸ ਗੱਲ ਉਤੇ ਉਥੇ ਖੜਿਆ ਇਕ ਨੌਜਵਾਨ ਭੜਕ ਗਿਆ ਅਤੇ ਗਾਲਾਂ ਕੱਢਣ ਲੱਗ ਗਿਆ।

ਉਥੇ ਖੜੇ ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸਾਈਕਲ ਚੁੱਕ ਕੇ ਉਸ ਉਤੇ ਸੁੱਟ ਦਿਤਾ। ਇਸ ਤੋਂ ਬਾਅਦ ਨੌਜਵਾਨ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਤਾਂ ਉਹ ਉਥੇ ਹੀ ਰੱਖੀ ਗਡਾਸੀ ਚੁੱਕ ਕੇ ਉਸ ਉਤੇ ਮਾਰਨ ਲੱਗ ਪਿਆ। ਜਿਸ ਦੇ ਨਾਲ ਉਹ ਜਖ਼ਮੀ ਹੋ ਗਿਆ। ਥਾਣਾ ਬਾਘਾ ਪੁਰਾਣਾ ਪੁਲਿਸ ਨੇ ਸੀਸੀਟੀਵੀ ਫੁਟੇਜ ਹਾਸਲ ਕਰਨ ਤੋਂ ਬਾਅਦ ਜਖ਼ਮੀ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।