ਧੋਖੇਬਾਜ਼ ਟਰੈਵਲ ਏਜੰਟਾਂ ਖ਼ਿਲਾਫ਼ ਠੋਸ ਮੁਹਿੰਮ ਵਿੱਢੇ ਕੈਪਟਨ ਸਰਕਾਰ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਟਰੈਵਲ ਏਜੰਟਾਂ ਦੇ ਧੋਖੇ ਕਾਰਨ ਅਰਮੀਨੀਆ 'ਚ ਫਸੇ 4 ਪੰਜਾਬੀਆਂ ...

Bhagwant Maan

ਚੰਡੀਗੜ੍ਹ (ਸ.ਸ.ਸ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਟਰੈਵਲ ਏਜੰਟਾਂ ਦੇ ਧੋਖੇ ਕਾਰਨ ਅਰਮੀਨੀਆ 'ਚ ਫਸੇ 4 ਪੰਜਾਬੀਆਂ ਲਈ ਵਿਦੇਸ਼ ਮੰਤਰਾਲੇ ਵੱਲੋਂ ਕੀਤੀ ਗਈ ਮਦਦ ਲਈ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਹ ਸੂਬੇ 'ਚ ਸਰਗਰਮ ਧੋਖੇਬਾਜ਼ ਅਤੇ ਫ਼ਰਜ਼ੀ ਟਰੈਵਲ ਏਜੰਟਾਂ ਨੂੰ ਨੱਥ ਪਾਉਣ। 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅੰਦਰ ਪੁਲਸ ਅਤੇ ਪ੍ਰਸ਼ਾਸਨ ਦੀ ਨੱਕ ਥੱਲੇ ਫ਼ਰਜ਼ੀ ਟਰੈਵਲ ਏਜੰਟ ਸਰਗਰਮ ਹਨ।

ਜੋ ਹਰ ਰੋਜ਼ ਸੈਂਕੜੇ ਨੌਜਵਾਨਾਂ ਨਾਲ ਠੱਗੀਆਂ ਮਾਰ ਰਹੇ ਹਨ ਪਰੰਤੂ ਪਿਛਲੀ ਬਾਦਲ ਸਰਕਾਰ ਦੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਸੁੱਤੀ ਪਈ ਹੈ। ਭਗਵੰਤ ਮਾਨ ਨੇ ਕੈਪਟਨ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਜੇਕਰ ਸਰਕਾਰ ਇਮਾਨਦਾਰੀ ਨਾਲ ਫ਼ਰਜ਼ੀ ਟਰੈਵਲ ਏਜੰਟਾਂ ਖ਼ਿਲਾਫ਼ ਮੁਹਿੰਮ ਵਿੱਢੇ ਤਾਂ ਸਿਰਫ਼ ਮੋਹਾਲੀ 'ਚੋਂ ਹੀ ਦਰਜਨਾਂ ਫ਼ਰਜ਼ੀ ਟਰੈਵਲ ਏਜੰਟ ਕਾਬੂ ਹੋ ਜਾਣਗੇ। ਜਦੋਂਕਿ ਪੰਜਾਬ ਅਤੇ ਦੇਸ਼ ਵਿਦੇਸ਼ ਬੈਠੇ ਅਜਿਹੇ ਧੋਖੇਬਾਜ਼ਾਂ ਦੀ ਗਿਣਤੀ ਹਜ਼ਾਰਾਂ 'ਚ ਹੈ।

ਅਰਮੀਨੀਆਂ 'ਚ ਫਸੇ ਪੰਜਾਬੀ ਨੌਜਵਾਨਾਂ ਬਾਰੇ ਭਗਵੰਤ ਮਾਨ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ (ਭਗਵੰਤ) ਕੋਲ ਭੁਲੱਥ ਹਲਕੇ ਨਾਲ ਸੰਬੰਧਿਤ ਸ਼ਮਸ਼ੇਰ ਸਿੰਘ ਅਤੇ ਅੰਮ੍ਰਿਤਸਰ ਤੋਂ ਜਤਿੰਦਰ ਸਿੰਘ ਨੇ ਏਜੰਟਾਂ ਦੇ ਧੋਖੇ ਕਾਰਨ ਅਰਮੀਨੀਆ 'ਚ ਫਸੇ ਹੋਣ ਦੀ ਸੂਚਨਾ ਭੇਜੀ ਸੀ, ਜਿਸ ਉਪਰੰਤ ਉਨ੍ਹਾਂ (ਭਗਵੰਤ ਮਾਨ) ਨੇ ਤੁਰੰਤ ਵਿਦੇਸ਼ ਮੰਤਰਾਲੇ ਕੋਲ ਪਹੁੰਚ ਕਰਕੇ ਫ਼ੌਰੀ ਕਦਮ ਚੁੱਕਣ ਦੀ ਅਪੀਲ ਕੀਤੀ ਸੀ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਦੇਸ਼ ਮੰਤਰਾਲੇ ਨੇ ਭਾਰਤੀ ਅੰਬੈਸੀ ਨੂੰ ਸੂਚਿਤ ਕੀਤਾ

ਅਤੇ ਭਾਰਤੀ ਅੰਬੈਸੀ ਨੇ ਇਨ੍ਹਾਂ ਨੌਜਵਾਨਾਂ ਨਾਲ ਸੰਪਰਕ ਕਰਕੇ ਵੀਰਵਾਰ ਨੂੰ ਮਿਲਣ ਦਾ ਸਮਾਂ ਦੇ ਦਿੱਤਾ ਅਤੇ ਉਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ। ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ (ਭਗਵੰਤ) ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਬਣਾਏ ਦਬਾਅ ਕਾਰਨ ਪੰਜਾਬ ਸਰਕਾਰ ਨੇ ਇਨ੍ਹਾਂ ਦੋਸ਼ੀ ਟਰੈਵਲ ਏਜੰਟਾਂ 'ਤੇ ਮਾਮਲਾ ਦਰਜ ਕੀਤਾ ਹੈ ਪਰ ਸਮੱਸਿਆ ਦੇ ਪੱਕੇ ਹੱਲ ਲਈ ਇਹ ਕਾਫ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ (ਭਗਵੰਤ) ਜਾਂ ਵਿਦੇਸ਼ ਮੰਤਰਾਲਾ ਕਿੰਨੇ ਕੁ ਪੀੜਤ ਨੌਜਵਾਨਾਂ ਨੂੰ ਬਚਾ ਲੈਣਗੇ?

ਇਸ ਦੇ ਪੱਕੇ ਹੱਲ ਲਈ ਪੰਜਾਬ ਸਰਕਾਰ ਨੂੰ ਫ਼ਰਜ਼ੀ ਅਤੇ ਧੋਖੇਬਾਜ਼ ਟਰੈਵਲ ਏਜੰਟਾਂ ਖ਼ਿਲਾਫ਼ ਮੁਹਿੰਮ ਵਿੱਢਣੀ ਪਵੇਗੀ ਅਤੇ ਆਪਣੇ ਚੋਣ ਵਾਅਦੇ ਅਨੁਸਾਰ ਪੰਜਾਬ 'ਚ ਰੋਜ਼ਗਾਰ ਅਤੇ ਨੌਕਰੀਆਂ ਦੇ ਮੌਕੇ ਪੈਦਾ ਕਰਨੇ ਪੈਣਗੇ।