ਪੰਜਾਬ ਭਰ 'ਚ ਭਾਰੀ ਬਾਰਿਸ਼ ਅਤੇ ਗੜ੍ਹੇਮਾਰੀ ਨਾਲ ਜਨਜੀਵਨ ਪ੍ਰਭਾਵਿਤ
ਪੰਜਾਬ 'ਚ ਇਕ ਵਾਰ ਫਿਰ ਮੌਸਮ ਨੇ ਅਪਣਾ ਮਿਜਾਜ਼ ਬਦਲ ਲਿਆ ਹੈ। ਖਰਾਬ ਮੌਸਮ ਦੇ ਚਲਦਿਆਂ ਸੂਬੇ ਦੀ ਕਈ ਥਾਵਾਂ ਤੇ ਜ਼ਬਰਦਸਤ ਬਾਰਿਸ਼ ਦੇ ਨਾਲ ਤੇਜ਼ ਗੜ੍ਹੇਮਾਰੀ ਵੀ ...
ਪਟਿਆਲਾ: ਪੰਜਾਬ 'ਚ ਇਕ ਵਾਰ ਫਿਰ ਮੌਸਮ ਨੇ ਅਪਣਾ ਮਿਜਾਜ਼ ਬਦਲ ਲਿਆ ਹੈ। ਖਰਾਬ ਮੌਸਮ ਦੇ ਚਲਦਿਆਂ ਸੂਬੇ ਦੀ ਕਈ ਥਾਵਾਂ ਤੇ ਜ਼ਬਰਦਸਤ ਬਾਰਿਸ਼ ਦੇ ਨਾਲ ਤੇਜ਼ ਗੜ੍ਹੇਮਾਰੀ ਵੀ ਹੋਈ ਹੈ। ਭਾਰੀ ਮੀਂਹ ਕਾਰਨ ਠੰਡ 'ਚ ਇਕ ਵਾਰ ਵਾਧਾ ਹੋ ਗਿਆ ਹੈ। ਹਾਲਾਂਕਿ ਹਜੇ ਵੀ ਕਈ ਥਾਂਵਾ 'ਤੇ ਬੱਦਲਵਾਈ ਬਣੀ ਹੋਈ ਹੈ ਤੇ ਕਈ ਇਲਾਕਿਆਂ 'ਚ ਬਾਰਿਸ਼ ਵੀ ਪੈ ਰਹੀ ਹੈ।
ਪਟਿਆਲਾ, ਰਾਜਪੁਰਾ ਅਤੇ ਨਾਭਾ 'ਚ ਭਾਰੀ ਗੜ੍ਹੇਮਾਰੀ ਦੇਖਣ ਨੂੰ ਮਿਲੀ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਮੀਂਹ ਕਾਰਨ ਠੰਡ ਨੇ ਇਕ ਵਾਰ ਫਿਰ ਅਪਣੀ ਲਪੇਟ 'ਚ ਲੈ ਲਿਆ। ਅਜਿਹੇ ਵਿਚ ਇਸ ਗੜ੍ਹੇਮਾਰੀ ਦੀ ਮਾਰ ਫਸਲਾਂ 'ਤੇ ਵੀ ਪਈ। ਸ਼ਾਮ ਸਮੇਂ ਅਚਨਚੇਤ ਮੌਸਮ ਨੇ ਪਲਟੀ ਮਾਰੀ ਤੇ ਬਦਲਵਾਈ ਬਣਨ ਤੋਂ ਬਾਅਦ ਬਾਰਿਸ਼ ਸ਼ੁਰੂ ਹੋ ਗਈ।
ਹਾਲਾਂਕਿ ਖਰਾਬ ਮੌਸਮ ਕਾਰਨ ਜਿੱਥੇ ਠੰਡ ਵੱਧ ਗਈ ਹੈ ਉਥੇ ਹੀ ਕਿਸਾਨਾਂ ਲਈ ਇਹ ਬਾਰਿਸ਼ ਪ੍ਰੇਸ਼ਾਨੀ ਦਾ ਕਾਰਨ ਬਣ ਗਈ ਹੈ। ਕਿਸਾਨਾਂ ਨੂੰ ਇਸ ਨਾਲ ਭਾਰੀ ਨੁਕਸਾਨ ਚੁੱਕਣਾ ਪੈ ਸਕਦਾ ਹੈ। ਕਣਕ ਦੀ ਫਸਲ ਲਈ ਵਰਖਾ ਕਾਫ਼ੀ ਲਾਭਦਾਇਕ ਹੁੰਦੀ ਹੈ ਪਰ ਇਸ ਗੜ੍ਹੇਮਾਰੀ ਨਾਲ ਕਣਕ ਦੀ ਫਸਲ ਨੂੰ ਨੁਕਸਾਨ ਹੋਵੇਗਾ। ਮੌਸਮ ਵਿਭਾਗ ਨੇ ਵੀ 2 ਦਿਨ ਪੰਜਾਬ ਵਿਚ ਭਾਰੀ ਮੀਂਹ ਅਤੇ ਗੜੇਮਾਰੀ ਬਾਰੇ ਦੱਸਿਆ ਸੀ।
ਅਜੇ ਨੁਕਸਾਨ ਦੇ ਅੰਕੜਿਆਂ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਖੇਤੀਬਾੜੀ ਵਿਭਾਗ ਦੁਆਰਾ ਜਾਣਕਾਰੀ ਤੋਂ ਬਾਅਦ ਹੀ ਕਿਸਾਨਾਂ ਦਾ ਹੋਇਆ ਨੁਕਸਾਨ ਦੇ ਬਾਰੇ ਵਿਚ ਕੁੱਝ ਕਿਹਾ ਜਾ ਸਕਦਾ ਹੈ।
ਤੇਜ ਮੀਂਹ ਤੋਂ ਬਾਅਦ ਸ਼ਹਿਰ ਵਿੱਚ ਬਿਜਲੀ ਵੀ ਬੰਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਬੀਤੀ ਲੰਘੀ ਰਾਤ ਨੂੰ ਸਰਹੱਦੀ ਖੇਤਰਾਂ ਵਿਚ ਵੀ ਮੀਂਹ ਸਮੇਤ ਭਾਰੀ ਗੜੇਮਾਰੀ ਹੋਈ ਹੈ, ਉੱਥੇ ਹੀ, ਫਿਰੋਜ਼ਪੁਰ, ਮੋਗਾ ਤੇ ਬਾਘਾਪੁਰਾਣਾ ਖੇਤਰਾਂ ਵਿਚ ਝਖੜ ਵੀ ਝੂਲਿਆ ਹੈ। ਤਰਨ ਤਾਰਨ ਅਤੇ ਸਰਹੱਦੀ ਖੇਤਰ ਖੇਮਕਰਨ ਵਿਚ ਭਾਰੀ ਗੜੇਮਾਰੀ ਹੋਈ ਹੈ ਤੇ ਠੰਡ ਨੇ ਜੋਰ ਫੜ ਲਿਆ ਹੈ।