ਸਿੱਟ ਨੇ ਸਾਬਤ ਕੀਤਾ, ਪੁਲਿਸ ਨੇ ਅਪਣੀ ਹਿਫ਼ਾਜ਼ਤ ਲਈ ਗੋਲੀ ਨਹੀਂ ਸੀ ਚਲਾਈ : ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਸਮੇਂ ਸਰਕਾਰ ਵਲੋਂ ਸਿੱਖਾਂ 'ਤੇ ਤਸ਼ੱਦਦ ਕੀਤਾ ਗਿਆ ਸੀ.....

Simranjeet Singh Mann

ਅੰਮ੍ਰਿਤਸਰ : ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਸਮੇਂ ਸਰਕਾਰ ਵਲੋਂ ਸਿੱਖਾਂ 'ਤੇ ਤਸ਼ੱਦਦ ਕੀਤਾ ਗਿਆ ਸੀ, ਜੋ ਇਸ ਦੇ ਅਫ਼ਸਰ ਹੁਣ ਕਹਿ ਰਹੇ ਹਨ ਕਿ ਉਨ੍ਹਾਂ ਨੇ ਅਪਣੀ ਹਿਫ਼ਾਜ਼ਤ ਲਈ ਗੋਲੀ ਚਲਾਈ ਸੀ। ਪਰ ਹੁਣ ਐਸ ਆਈ ਟੀ ਨੇ ਸਾਬਤ ਕਰ ਦਿਤਾ ਹੈ ਕਿ ਉਸ ਸਮੇਂ ਗੋਲੀ ਸੁਰੱਖਿਆ ਲਈ ਨਹੀਂ ਸੀ ਚਲਾਈ। ਜਿਹੜੇ ਹਥਿਆਰ ਤੋਂ ਗੋਲੀ ਚਲੀ ਸੀ ਉਹ ਅਜੇ ਤਕ ਬਰਾਮਦ ਨਹੀਂ ਹੋਇਆ। ਸਰਕਾਰਾਂ ਹਮੇਸ਼ਾ ਹੀ ਸਿੱਖਾਂ ਨਾਲ ਅਤਿਆਚਾਰ ਕਰਦੀਆਂ ਰਹੀਆਂ ਹਨ। ਸਾਡੀ ਪਾਰਟੀ ਦਾ ਟਕਸਾਲੀਆਂ ਜਾਂ ਕਿਸੇ ਹੋਰ ਨਾਲ ਚੋਣ ਗਠਜੋੜ ਬਾਰੇ ਅਜੇ ਕੋਈ ਗੱਲ ਨਹੀਂ ਹੋਈ।

ਭਾਈ ਧਿਆਨ ਸਿੰਘ ਮੰਡ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 12 ਬੋਰ ਦੀ ਰਾਈਫ਼ਲ ਨਾਲ ਚਲਾਈ ਗਈ ਗੋਲੀ ਜੋ ਐਫ਼.ਆਈ.ਆਰ ਵਿਚ ਦਰਜ ਹੈ, ਇਸ ਸਬੰਧੀ ਬਣਾਈ ਗਈ ਸਿਟ ਵਲੋਂ ਐਸ.ਐਸ.ਪੀ ਤੋਂ ਪੁਛਿਆ ਜਾ ਰਿਹਾ ਹੈ ਕਿ ਉਹ ਰਾਈਫ਼ਲ ਕਿਥੇ ਹੈ, ਇਹ ਸਿਰਫ਼ ਪੁਲਿਸ ਵਲੋਂ ਅਪਣੇ ਬਚਾਅ ਲਈ ਇਕ ਕਹਾਣੀ ਬਣਾਈ ਗਈ ਸੀ। ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੇ ਨੌਜਵਾਨਾਂ ਨੂੰ ਪੁਲਿਸ ਨੇ ਨੇੜੇ ਤੋਂ ਜਾਣ ਬੁਝ ਕੇ ਗੋਲੀਆਂ ਮਾਰੀਆਂ ਸੀ। ਪਰ ਹੁਣ ਅਸੀ ਇਸ ਗੋਲੀ ਕਾਂਡ ਦੇ ਮੁੱਖ ਦੋਸ਼ੀ ਸੁਮੇਧ ਸਿੰਘ ਸੈਣੀ ਅਤੇ ਬਾਦਲ ਨੂੰ ਨਹੀਂ ਬਖ਼ਸ਼ਾਂਗੇ।