ਸਰਹੱਦੀ ਜ਼ਿਲ੍ਹਿਆਂ 'ਚ ਆਈ ਨਵੀਂ ਆਫ਼ਤ : ਟਿੱਡੀ ਦਲ ਤੋਂ ਬਾਅਦ ਹੁਣ ਪੀਲੀ ਕੁੰਗੀ ਦੀ ਦਸਤਕ!
ਖੇਤੀ ਮਾਹਿਰਾਂ ਵਲੋਂ ਬੇਲੋੜੀਆਂ ਸਪਰੇਆਂ ਦੀ ਬਚਣ ਦੀ ਸਲਾਹ
ਗੁਰਦਾਸਪੁਰ : ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨ ਅਜੇ ਟਿੱਡੀ ਦਲ ਦੀ ਆਮਦ ਦੀਆਂ ਅਫ਼ਵਾਹਾਂ 'ਚੋਂ ਉਭਰੇ ਵੀ ਨਹੀਂ ਸਨ ਕਿ ਹੁਣ ਕਣਕ ਦੇ ਖੇਤਾਂ 'ਚ ਪੀਲੀ ਕੁੰਗੀ ਦੀ ਦਸਤਕ ਨੇ ਕਿਸਾਨਾਂ ਦੇ ਸਾਹ ਸੂਤ ਦਿਤੇ ਹਨ। ਤਾਜ਼ਾ ਮੌਸਮੀ ਤਬਦੀਲੀਆਂ ਕਾਰਨ ਕਈ ਥਾਈਂ ਕਣਕ ਦੀ ਫ਼ਸਲ 'ਤੇ ਪੀਲੀ ਕੁੰਗੀ ਦੇ ਹਮਲੇ ਦੇ ਸੰਕੇਤ ਮਿਲੇ ਹਨ। ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਵਿਖੇ ਕਣਕ ਦੇ ਦਰਜਨ ਦੇ ਕਰੀਬ ਖੇਤਾਂ ਵਿਚ ਕਈ ਥਾਈਂ ਪੀਲੀ ਕੁੰਗੀ ਦੇ ਹਮਲੇ ਦੇ ਅੰਸ਼ ਮਿਲੇ ਹਨ।
ਇਸ ਦੇ ਮੱਦੇਨਜ਼ਰ ਖੇਤੀਬਾੜੀ ਅਤੇ ਕਿਸਾਨ ਸਿਖਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਗਾਜ਼ੀਆਬਾਦ ਤੋਂ ਡਾਇਰੈਕਟੋਰੇਟ ਆਫ਼ ਵੀਟ ਡਿਵੈਲਪਮੈਂਟ ਦੇ ਟੈਕਨੀਕਲ ਅਫ਼ਸਰ ਵਿਨੈ ਕੁਮਾਰ ਨੇ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕੀਤਾ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਇਕਦਮ ਕਾਹਲੀ ਵਿਚ ਕਿਸੇ ਡੀਲਰ ਦੀਆਂ ਗੱਲਾਂ 'ਚ ਆ ਕੇ ਕਿਸੇ ਦਵਾਈ ਦਾ ਛਿੜਕਾਅ ਨਾ ਕਰਨ ਦੀ ਸਲਾਹ ਦਿਤੀ ਹੈ।
ਖੇਤੀਬਾੜੀ ਅਫ਼ਸਰ ਡਾ. ਹਰਤਰਨਪਾਲ ਸਿੰਘ ਨੇ ਦਸਿਆ ਕਿ ਖੇਤੀਬਾੜੀ ਵਿਭਾਗ ਦੇ ਫੀਲਡ ਸਟਾਫ਼ ਵਲੋਂ ਬਿਮਾਰੀ ਦੇ ਹਮਲੇ ਸਬੰਧੀ ਲਗਾਤਾਰ ਸਰਵੇ ਕੀਤਾ ਜਾ ਰਿਹਾ ਸੀ। ਇਸ ਦੌਰਾਨ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਅੰਦਰ 10 ਦੇ ਕਰੀਬ ਅਜਿਹੇ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿੱਥੇ ਪੀਲੀ ਕੁੰਗੀ ਦਾ ਹਮਲਾ ਸਾਹਮਣੇ ਆਇਆ ਹੈ।
ਇਨ੍ਹਾਂ ਵਿਚ 4 ਮਾਮਲੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਇਨ੍ਹਾਂ ਵਿਚ ਕਾਹਨੂੰਵਾਲ ਵਿਖੇ ਬਰਜੇਸ਼ਵਰ ਸਿੰਘ ਦੇ ਖੇਤਾਂ ਵਿਚ ਕਰੀਬ 1 ਕਨਾਲ ਰਕਬੇ ਵਿਚ ਪੀਲੀ ਕੁੰਗੀ ਦੇ ਅੰਸ਼ ਮਿਲੇ ਹਨ। ਇਸ ਤੋਂ ਇਲਾਵਾ ਪਿੰਡ ਗੁੰਨੋਪੁਰ ਦੇ ਗੁਰਦੀਪ ਸਿੰਘ ਤੇ ਗੁਰਵਿੰਦਰ ਸਿੰਘ ਦੇ ਖੇਤਾਂ ਵਿਚ ਵੀ ਪੀਲੀ ਕੁੰਗੀ ਦਾ ਹਮਲਾ ਵੇਖਣ ਨੂੰ ਮਿਲਿਆ ਹੈ। ਪਿੰਡ ਸੁਚੈਨੀਆ 'ਚ ਦਾਰਾ ਸਿੰਘ ਨਾਂ ਦੇ ਕਿਸਾਨ ਦੇ ਦੋ ਏਕੜ ਦੇ ਕਰੀਬ ਕਣਕ ਪੀਲੀ ਕੁੰਗੀ ਤੋਂ ਪ੍ਰਭਾਵਿਤ ਹੋਈ ਹੈ।
ਇਸ ਤੋਂ ਇਲਾਵਾ ਪਠਾਨਕੋਟ ਦੇ ਕਟਾਰੂਚੱਕ, ਨੀਨਾ ਚੱਕ ਸਮੇਤ ਕਈ ਪਿੰਡਾਂ ਅੰਦਰ ਵੀ ਪੀਲੀ ਕੁੰਗੀ ਦੇ ਮਾਮਲੇ ਸਾਹਮਣੇ ਆਏ ਹਨ। ਇਸੇ ਦੌਰਾਨ ਡਾ. ਹਰਤਰਨਪਾਲ ਸਿੰਘ ਨੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਫ਼ਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ। ਉਨ੍ਹਾਂ ਕਿਸਾਨਾਂ ਨੂੰ ਕਾਹਲੀ ਵਿਚ ਬੇਲੋੜੀਆਂ ਦਵਾਈਆਂ ਦੇ ਛਿੜਕਾਅ ਤੋਂ ਪਰਹੇਜ ਕਰਨ ਦੀ ਸਲਾਹ ਦਿਤੀ।