ਵਿੱਤ ਮਤਰੀ ਸੀਤਾਰਮਣ ਨੂੰ ਮੁੰਬਈ ਦੌਰੇ ਦੌਰਾਨ ਕਾਂਰਗਸ ਨੇ ਘੇਰਿਆ, ਦਿਖਾਏ ਕਾਲੇ ਝੰਡੇ
ਵਿੱਤ ਮਤਰੀ ਸੀਤਾਰਮਣ ਨੂੰ ਮੁੰਬਈ ਦੌਰੇ ਦੌਰਾਨ ਕਾਂਰਗਸ ਨੇ ਘੇਰਿਆ, ਦਿਖਾਏ ਕਾਲੇ ਝੰਡੇ
ਮੁੰਬਈ, 7 ਫ਼ਰਵਰੀ : ਕਾਂਗਰਸ ਵਰਕਰਾਂ ਨੇ ਕੇਂਦਰੀ ਬਜਟ 2021-22 ਅਤੇ ਪਟਰੌਲ-ਡੀਜ਼ਲ
ਦੀਆਂ ਕੀਮਤਾਂ ’ਚ ਹੋ ਰਹੇ ਲਗਾਤਾਰ ਵਾਧੇ ਦੇ ਵਿਰੁਧ ਐਤਾਵਰ ਨੂੰ ਪ੍ਰਦਰਸ਼ਨ ਕਰਦੇ ਹੋਏ ਮੁੰਬਈ ਦੌਰੇ ’ਤੇ ਆਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਕਾਲੇ ਝੰਡੇ ਦਿਖਾਏ। ਹਾਲਾਂਕਿ ਪੁਲਿਸ ਨੇ ਪ੍ਰਦਰਸ਼ਕਾਰੀਆਂ ਨੂੰ ਉਸ ਸਥਾਨ ਦੇ ਨੇੜੇ ਜਾਣ ਤੋਂ ਰੋਕ ਦਿਤਾ ਜਿਥੇ ਸੀਤਾਰਮਣ ਨੂੰ ਜਾਣਾ ਸੀ।
ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਜਿਵੇਂ ਹੀ ਕੇਂਦਰੀ ਮੰਤਰੀ ਪਿਛਲੇ ਹਫ਼ਤੇ ਪੇਸ਼ ਕੇਂਦਰੀ ਬਜਟ ’ਤੇ ਚਰਚਾ ਲਈ ਦਾਦਰ ਇਲਾਕੇ ਦੇ ਯੋਗੀ ਸਭਾ ਗ੍ਰਹਿ ਪੁੱਜੀ ਉਦੋਂ ਹੀ ਕਾਂਗਰਸ ਦੇ ਲਗਭਗ 400 ਤੋਂ 500 ਵਰਕਰਾਂ ਨੇ ਉਨ੍ਹਾਂ ਵਿਰੁਧ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ। ਕਾਂਗਰਸ ਵਰਕਰਾਂ ਨੇ ਅਪਣੀ ਪਾਰਟੀ ਦੇ ਆਗੂ ਰਾਹੁਲ ਗਾਂਧੀ ਦੀ ਤਾਰੀਫ਼ ’ਚ ਵੀ ਨਾਹਰੇ ਲਗਾਏ।
ਅਧਿਕਾਰੀ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਤੜਕੇ ਤੋਂ ਹੀ ਦਾਦਰ ਰੇਲਵੇ ਸਟੇਸ਼ਨ ਦੇ ਬਾਹਰ ਇਕੱਠਾ ਹੋਣਾ ਸ਼ੁਰੂ ਹੋ ਗਏ ਸਨ। ਉਨ੍ਹਾਂ ਕੇਂਦਰੀ ਬਜਟ ਅਤੇ ਪਟਰੌਲ, ਡੀਜ਼ਲ, ਰਸੋਈ ਗੈਸ ਸਲੈਂਡਰਾਂ ਵਰਗੀਆਂ ਜ਼ਰੂਰੀ ਚੀਜ਼ਾਂ ਦੇ ਨਾਲ ਨਾਲ ਰੇਲ ਕਿਰਾਏ ’ਚ ਵਾਧੇ ਦੇ ਵਿਰੁਧ ਵੀ ਨਾਹਰੇਬਾਜ਼ੀ ਕੀਤੀ । ਮੁੰਬਈ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਸਨਾ ਕੁਰੇਸ਼ੀ ਨੇ ਦਾਅਵਾ ਕੀਤਾ ਕਿ ਕੋਵਿਡ 19 ਦੇ ਚਲਦੇ ਆਮ ਜਨਤਾ ਅਤੇ ਗ਼ਰੀਬ ਲੋਕ ਅਪਣਾ ਰੁਜ਼ਗਾਰ ਗੁਆ ਰਹੇ ਹਨ। ਉਨ੍ਹਾਂ ਕਿਹਾ, ‘‘ਹੁਣ ਜ਼ਰੂਰੀ ਵਸਤਾਂ ਦੀ ਵਧਦੀ ਕੀਮਤਾਂ ਆਮ ਆਦਮੀ ਦੀ ਕਮਰ ਤੋੜ ਦੇਣਗੀਆਂ। ਬਜਟ ਨੇ ਆਮ ਆਦਮੀ ਨੂੰ ਕੋਈ ਰਾਹਤ ਨਹੀਂ ਦਿਤੀ ਹੈ।’’
ਇਸ ਲਈ ਕਾਂਗਰਸ ਵਰਕਰਾਂ ਨੇ ਪਟਰੌਲ, ਡੀਜ਼ਲ ਅਤੇ ਰਸੋਈ ਗੈਸ ਦੀ ਵਧਦੀ ਕੀਮਤਾਂ ਦੇ ਵਿਰੁਧ ਇਕ ਵਿਰੋਧ ਪ੍ਰਦਰਸ਼ਨ ਕੀਤਾ। (ਪੀਟੀਆਈ)