ਸਥਾਨਕ ਭਾਸ਼ਾ ਵਿਚ ਮੈਡੀਕਲ ਅਤੇ ਤਕਨੀਕੀ ਕਾਲਜ ਸਥਾਪਤ ਕਰਨਾ ਮੇਰਾ ਸੁਪਨਾ ਹੈ : ਮੋਦੀ
ਸਥਾਨਕ ਭਾਸ਼ਾ ਵਿਚ ਮੈਡੀਕਲ ਅਤੇ ਤਕਨੀਕੀ ਕਾਲਜ ਸਥਾਪਤ ਕਰਨਾ ਮੇਰਾ ਸੁਪਨਾ ਹੈ : ਮੋਦੀ
ਅਸਾਮ, 7 ਫ਼ਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦੀ ਸੁਰੂਆਤ ਕਰਨ ਲਈ ਐਤਵਾਰ ਨੂੰ ਅਸਾਮ ਪਹੁੰਚੇ। ਮੁੱਖ ਮੰਤਰੀ ਸਰਬੀਨੰਦ ਸੋਨੋਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਇਥੇ ਦੋ ਹਸਪਤਾਲਾਂ ਦਾ ਨੀਂਹ ਪੱਥਰ ਰਖਿਆ ਅਤੇ ‘ਅਸੋਮ ਮਾਲਾ’ ਪ੍ਰੋਗਰਾਮ ਦੀ ਸੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਰਾਜ ’ਚ ਸਥਾਨਕ ਭਾਸ਼ਾ ’ਚ ਸਿਖਿਆ ਮੁਹਈਆ ਕਰਾਉਣ ਵਾਲਾ ਘੱਟੋ ਘੱਟ ਇਕ ਕਾਲੇਜ ਅਤੇ ਇਕ ਤਕਨੀਕੀ ਕਾਲਜ ਸਥਾਪਤ ਕਰਨਾ ਉਨ੍ਹਾਂ ਦਾ ਸੁਪਨਾ ਹੈ।
ਸੋਨੀਤਪੁਰ ਜ਼ਿਲ੍ਹੇ ਦੇ ਢੋਕਿਆਜੁਲੀ ਵਿਖੇ ਇਕ ਪ੍ਰੋਗਰਾਮ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ‘ਅਸੋਮ ਮਾਲਾ’ ਪ੍ਰੋਗਰਾਮ ਸੁਰੂ ਕੀਤਾ, ‘ਅਸੋਮ ਮਾਲਾ’ ਰਾਜ ਦੇ ਸੜਕੀ ਢਾਂਚੇ ਨੂੰ ਉਤਸਾਹਤ ਕਰੇਗੀ। ਇਹ ਪਹਿਲ ਅਸਾਮ ਦੀ ਆਰਥਕ ਤਰੱਕੀ ਅਤੇ ਸੰਪਰਕ ਵਿਚ ਸੁਧਾਰ ਲਿਆਉਣ ਵਿਚ ਯੋਗਦਾਨ ਪਾਵੇਗੀ। ਉਨ੍ਹਾਂ ਕਿਹਾ, ਅਗਲੇ 15 ਸਾਲਾਂ ਵਿਚ, ਅਸਾਮ ਵਿਚ ਚੌੜੀਆਂ ਅਤੇ ਵੱਡੀਆਂ ਸੜਕਾਂ ਹੋਣਗੀਆਂ। ਇਹ ਪ੍ਰੋਜੈਕਟ ਤੁਹਾਡੇ ਸੁਪਨੇ ਨੂੰ ਪੂਰਾ ਕਰਨਗੀਆਂ। ਉਨ੍ਹਾਂ ਕਿਹਾ ਕਿ ਵਿਕਾਸ ਅਤੇ ਤਰੱਕੀ ਨੂੰ ਉਤਸਾਹਤ ਕਰਨ ਲਈ ਇਸ ਵਾਰ ਬਜਟ ਵਿੱਚ ਇਕ ਵਿਸੇਸ ਪ੍ਰਬੰਧ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸਵਵਨਾਥ ਅਤੇ ਚਰਾਈਦੇਵ ਵਿਚ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦਾ ਨੀਂਹ ਪੱਥਰ ਵੀ ਰਖਿਆ। ਉਨ੍ਹਾਂ ਕਿਹਾ, ਇਹ ਅਸਾਮ ਦੇ ਸਿਹਤ ਢਾਂਚੇ ਨੂੰ ਹੁਲਾਰਾ ਦੇਵੇਗਾ। ਪਿਛਲੇ ਕੁਝ ਸਾਲਾਂ ਵਿਚ ਰਾਜ ਨੇ ਸਿਹਤ ਸੰਭਾਲ ਵਿੱਚ ਤੇਜੀ ਨਾਲ ਤਰੱਕੀ ਕੀਤੀ ਹੈ। ਇਸ ਨਾਲ ਨਾ ਸਿਰਫ ਅਸਾਮ, ਬਲਕਿ ਪੂਰੇ ਉੱਤਰ ਪੂਰਬ ਨੂੰ ਲਾਭ ਹੋਇਆ ਹੈ। (ਪੀਟੀਆਈ)