ਪਰਥ ਵਿਚ ਜੰਗਲਾਂ ’ਚ ਅੱਗ ਲੱਗਣ ਕਾਰਨ ਸਥਾਨਕ ਲੋਕਾਂ ਤੇ ਅੱਗ ਬੁਝਾਊ ਅਮਲੇ ਨੂੰ ਸਿੱਖਾਂ ਨੇ ਖਵਾਇਆ ਭੋ
ਪਰਥ ਵਿਚ ਜੰਗਲਾਂ ’ਚ ਅੱਗ ਲੱਗਣ ਕਾਰਨ ਸਥਾਨਕ ਲੋਕਾਂ ਤੇ ਅੱਗ ਬੁਝਾਊ ਅਮਲੇ ਨੂੰ ਸਿੱਖਾਂ ਨੇ ਖਵਾਇਆ ਭੋਜਨ
ਸਿੱਖ ਸੰਗਤ ਵਲੋਂ ਹਰ ਰੋਜ਼ ਭੋਜਨ ਦੇ ਘੱਟੋ ਘੱਟ 100 ਪੈਕਟਾਂ ਦੀ ਕੀਤੀ ਜਾਂਦੀ ਹੈ ਸੇਵਾ
ਪਰਥ, 6 ਫ਼ਰਵਰੀ (ਪਿਆਰਾ ਸਿੰਘ ਨਾਭਾ): ਸਿੱਖ ਗੁਰਦਵਾਰਾ ਪਰਥ, ਬਨੈਟ ਸਪਰਿੰਗਜ ਅਤੇ ਸਥਾਨਕ ਸਿੱਖ ਭਾਈਚਾਰੇ ਨੇ ਆਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਉਤਰ-ਪੂਰਬ ਇਲਾਕੇ ਵਿਚ ਅਚਾਨਕ ਜੰਗਲਾਂ ਵਿਚ ਲੱਗੀ ਅੱਗ ਕਾਰਨ ਸਥਾਨਕ ਲੋਕਾਂ ਜਿਨ੍ਹਾਂ ਨੂੰ ਅਪਣੇ ਘਰ ਖ਼ਾਲੀ ਕਰਨ ਲਈ ਕਿਹਾ ਗਿਆ ਅਤੇ ਅੱਗ ਬੁਝਾਉ ਅਮਲੇ ਨੂੰ ਤਾਲਾਬੰਦੀ ਦੌਰਾਨ ਸੈਂਕੜੇ ਲੋਕਾਂ ਨੂੰ ਭੋਜਨ ਖਵਾਇਆ।
ਜ਼ਿਕਰਯੋਗ ਹੈ ਕਿ ਪਰਥ ਵਿਚ ਤਾਲਾਬੰਦੀ ਦੌਰਾਨ ਲੱਗੀ ਅੱਗ ਨਾਲ ਹੁਣ ਤਕ 25 ਹਜ਼ਾਰ ਏਕੜ ਤੋਂ ਵੱਧ ਜੰਗਲ ਸੜ ਕੇ ਰਾਖ ਹੋ ਚੁੱਕੇ ਹਨ। ਪਰਥ ਤੋਂ ਪ੍ਰਾਪਤ ਰੀਪੋਰਟਾਂ ਮੁਤਾਬਕ ਇਸ ਅੱਗ ਕਾਰਨ 81 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਦਸਣਾ ਬਣਦਾ ਹੈ ਕਿ ਆਸਟਰੇਲੀਆ ਵਿਚ ਇਸ ਵੇਲੇ ਗਰਮੀ ਵੀ ਅਪਣਾ ਅਸਲੀ ਰੂਪ ਦਿਖਾ ਰਹੀ ਹੈ। ਉਂਜ ਤਾਂ ਇਨ੍ਹਾਂ ਦਿਨਾਂ ਵਿਚ ਆਸਟ੍ਰੇਲੀਆ ਅੰਦਰ ਤਾਪਮਾਨ 17 ਤੋਂ 25 ਡਿਗਰੀ ਦਰਮਿਆਨ ਰਹਿੰਦਾ ਹੈ ਪਰ ਇਸ ਵੇਲੇ ਆਸਟ੍ਰੇਲੀਆ ਵਿਚ ਪਾਰਾ 40 ਡਿਗਰੀ ਤੋਂ ਪਾਰ ਪਹੁੰਚ ਚੁੱਕਾ ਹੈ। ਵਧਦੇ ਪਾਰੇ ਨੇ ਇਸ ਵਾਰ ਪਿਛਲੇ 61 ਸਾਲ ਦਾ ਰੀਕਾਰਡ ਤੋੜ ਦਿਤਾ ਹੈ। ਆਸਟ੍ਰੇਲੀਆ ਵਾਸੀ ਭਾਰੀ ਗਰਮੀ ਕਾਰਨ ਹਾਲੋ ਬੇਹਾਲ ਹੋ ਰਹੇ ਹਨ। ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਿੱਖ ਗੁਰਦਵਾਰੇ ਦੇ ਸੱਕਤਰ ਜਰਨੈਲ ਸਿੰਘ ਭੌਰ ਨੇ ਕਿਹਾ ਕਿ ਸਿੱਖ ਸੰਗਤ ਵਲੋਂ ਹਰ ਰੋਜ਼ ਘੱਟੋ ਘੱਟ ਭੋਜਨ ਦੇ 100 ਪੈਕਟਾਂ ਦੀ ਸੇਵਾ ਕੀਤੀ ਜਾਂਦੀ ਹੈ। ਗੁਰਦਵਾਰਾ ਕਮੇਟੀ ਨੇ ਲੰਗਰ ਸੇਵਾਦਾਰਾਂ ਸਮੇਤ ਸਥਾਨਕ ਭਾਈਚਾਰਾ ਅਤੇ ਸਥਾਨਕ ਕਲੱਬਾਂ, ਵਿਧਾਇਕਾਂ ਦਾ ਮਨੁੱਖਤਾਦੀ ਸੇਵਾ ਲਈ ਕੀਤੇ ਕਾਰਜ ਲਈ ਧਨਵਾਦ ਕੀਤਾ।