ਲਾਪਤਾ ਨੌਜਵਾਨਾਂ ਨੂੰ ਲੈ ਕੇ ਐਡਵੋਕੇਟ ਸਿਮਰਨਜੀਤ ਗਿੱਲ ਨੇ ਕੀਤੇ ਹੈਰਾਨੀਜਨਕ ਪ੍ਰਗਟਾਵੇ

ਏਜੰਸੀ

ਖ਼ਬਰਾਂ, ਪੰਜਾਬ

ਲਾਪਤਾ ਨੌਜਵਾਨਾਂ ਨੂੰ ਲੈ ਕੇ ਐਡਵੋਕੇਟ ਸਿਮਰਨਜੀਤ ਗਿੱਲ ਨੇ ਕੀਤੇ ਹੈਰਾਨੀਜਨਕ ਪ੍ਰਗਟਾਵੇ

image

ਅਸੀ ਅੰਦੋਲਨ ਵਿਚ ਲਾਵਾਰਸ ਖੜੇ ਵਾਹਨਾਂ ਦੀ ਕਰ ਰਹੇ ਹਾਂ ਜਾਂਚ 

ਨਵੀਂ ਦਿੱਲੀ, 6 ਫ਼ਰਵਰੀ (ਸੈਸ਼ਵ ਨਾਗਰਾ): 26 ਜਨਵਰੀ ਮੌਕੇ ਕਿਸਾਨਾਂ ਦੇ ਟਰੈਕਟਰ ਪਰੇਡ ਦੌਰਾਨ ਹੀ ਕੱੁਝ ਹਿੰਸਕ ਵਰਤਾਰੇ ਹੋਏ ਸਨ ਜਿਸ ਦੌਰਾਨ ਪੁਲਿਸ ਵਲੋਂ ਸਖ਼ਤੀ ਨਾਲ ਕਾਰਵਾਈ ਕਰਦੇ ਹੋਏ ਕਈਂ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਸੀ। ਜਦਕਿ ਵੱਡੀ ਗਿਣਤੀ ਵਿਚ ਅਜਿਹੇ ਲੋਕ ਵੀ ਸਨ ਜਿਹੜੇ ਇਸ ਟਰੈਕਟਰ ਪਰੇਡ ਵਿਚ ਹਿੱਸਾ ਪਾਉਣ ਲਈ ਆਏ ਸਨ ਪਰ ਪਰੇਡ ਖ਼ਤਮ ਹੋਣ ਤੋਂ ਬਾਅਦ ਮੁੜ ਘਰ ਵਾਪਸ ਨਹੀਂ ਪਰਤੇ।
ਸਪੋਕਸਮੈਨ ਦੇ ਪੱਤਰਕਾਰ ਨਾਲ ਵਕੀਲ ਸਿਮਰਨਜੀਤ ਗਿੱਲ ਨੇ ਗੱਲਬਾਤ ਦੌਰਾਨ ਦਸਿਆ ਕਿ ਸੰਯੁਕਤ ਮੋਰਚੇ ਵਲੋਂ ਸਾਡੀ 5 ਮੈਂਬਰੀ ਟੀਮ ਬਣਾਈ ਗਈ ਹੈ ਜਿਸ ਦੇ ਕਨਵੀਨਰ ਪ੍ਰੇਮ ਸਿੰਘ ਭੰਗੂ ਹਨ। ਉਨ੍ਹਾਂ ਕਿਹਾ ਕਿ ਬਹੁਤ ਲੋਕ ਸਟੇਜ ਉਤੇ ਨਾ ਜਾ ਸਕਦੇ ਪਰ ਉਨ੍ਹਾਂ ਲਈ ਅਸੀਂ ਸਟੇਜ ਨੇੜੇ ਇਕ ਹੈਲਪ ਡੈਸਕ ਲਗਾਇਆ ਗਿਆ ਹੈ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਂਦੀਆਂ ਹਨ ਅਤੇ ਹੈਲਪਲਾਈਨ ਨੰਬਰ ਵੀ ਦਿਤੇ ਗਏ ਸਨ। ਉਨ੍ਹਾਂ ਕਿਹਾ ਕਿ ਅਸੀਂ ਅੰਦੋਲਨ ਵਿਚ ਲਾਵਾਰਸ ਖੜੇ ਵਾਹਨਾਂ ਦੀ ਜਾਂਚ ਕਰ ਰਹੇ ਹਾਂ ਕਿ ਇਨ੍ਹਾਂ ਦੇ ਵਿਅਕਤੀ ਲਾਪਤਾ ਤਾਂ ਨਹੀਂ ਹਨ, ਇਸ ਕਰ ਕੇ ਅਸੀਂ ਪਤਾ ਲਗਾ ਰਹੇ ਹਾਂ ਕਿ ਲਾਪਤਾ ਕਿਸਾਨਾਂ ਨੂੰ ਲੱਭਿਆ ਜਾਵੇ ਅਤੇ ਉਨ੍ਹਾਂ ਨੂੰ ਘਰ ਪਹੁੰਚਾਇਆ ਜਾਵੇ। 
ਉਨ੍ਹਾਂ ਕਿਹਾ ਕਿ ਸੰਘਰਸ਼ ਵਿਚੋਂ ਇਕ ਮੁੰਡਾ ਆਚਾਰ ਲੈਣ ਜਾ ਰਿਹਾ ਸੀ ਜਿਸ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ। ਇਸ ਤੋਂ ਬਾਅਦ ਕਪੜੇ ਧੋਣ ਦੀ ਸੇਵਾ ਨਿਭਾ ਰਹੇ 2 ਨੌਜਵਾਨ ਏਟੀਐਮ ਵਿਚੋਂ ਪੈਸੇ ਕਢਾਉਣ ਜਾ ਰਹੇ ਸਨ ਤਾਂ ਉਹ ਵੀ ਲਾਪਤਾ ਹੋ ਗਏ ਸਨ। ਹੋਰ ਵੀ ਅਜਿਹੀਆਂ ਘਟਨਾਵਾਂ ਹਨ ਜਿਹੜੀਆਂ ਸਾਨੂੰ ਰੋਜ਼ਾਨਾ ਪਤਾ ਲੱਗ ਰਹੀਆਂ ਹਨ। ਇਸ ਨਾਲ ਹੀ ਉਨ੍ਹਾਂ ਦਸਿਆ ਕਿ ਕੁਲ 148 ਨੌਜਵਾਨ ਹਨ, ਜਿਨ੍ਹਾਂ ਵਿਚੋਂ 27 ਨੌਜਵਾਨ ਜੇਲ ਵਿਚ ਬੰਦ ਹਨ ਅਤੇ 6 ਨੌਜਵਾਨ ਜ਼ਮਾਨਤ ਉਤੇ ਜੇਲ ਵਿਚ ਬਾਹਰ ਵੀ ਆ ਚੁੱਕੇ ਹਨ, 22 ਨੌਜਵਾਨ ਹਾਲੇ ਤਕ ਲਾਪਤਾ ਹਨ। ਗਿੱਲ ਨੇ ਕਿਹਾ ਕਿ ਇਥੇ ਸਰਕਾਰ ਵਲੋਂ ਇੰਟਰਨੈੱਟ ਬੰਦ ਕੀਤਾ ਹੋਇਆ ਹੈ ਤੇ ਸਰਕਾਰ ਵਲੋਂ ਲੋਕਾਂ ਦੇ ਦਿਲ ਵਿਚ ਡਰ ਪੈਦਾ ਕਰਨ ਲਈ ਅਜਿਹੀਆਂ ਵੀਡੀਓਜ਼ ਵਾਇਰਲ ਕੀਤੀਆਂ ਜਾ ਰਹੀਆਂ ਹਨ।