Breaking: ਅਮਰੀਕਾ 'ਚੋਂ ਕੱਢੇ ਪਰਤੇ ਨੌਜਵਾਨ ਦੇ ਮਾਮਲੇ 'ਚ ਵੱਡੀ ਕਾਰਵਾਈ, ਟ੍ਰੈਵਲ ਏਜੰਟ FIR ਖ਼ਿਲਾਫ਼ ਦਰਜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਮਰੀਕਾ 'ਚੋਂ ਕੱਢੇ ਪਰਤੇ ਨੌਜਵਾਨ ਦੇ ਮਾਮਲੇ 'ਚ ਟ੍ਰੈਵਲ ਏਜੰਟ ਖ਼ਿਲਾਫ਼ ਵੱਡੀ ਕਾਰਵਾਈ

ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੀੜਤ ਦਲੇਰ ਸਿੰਘ ਨਾਲ ਮੁਲਾਕਾਤ ਕਰਨ ਮੌਕੇ

Punjab News in Punjabi : ਅਮਰੀਕਾ ਤੋਂ ਜ਼ਬਰਦਸਤੀ ਕੱਢੇ ਗਏ 104 ਭਾਰਤੀਆਂ ਵਿੱਚੋਂ 31 ਪੰਜਾਬ ਦੇ ਨਾਗਰਿਕ ਸਨ। ਅਮਰੀਕਾ ਤੋਂ ਕੱਢੇ ਗਏ ਲੋਕਾਂ ਦੀਆਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਹੁਣ ਪੰਜਾਬ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲਾ ਮਾਮਲਾ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਾਸਾਂਸੀ ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਹੈ। ਪੁਲਿਸ ਨੇ ਏਜੰਟ ਸਤਨਾਮ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਕੋਟਲੀ ਖੇੜਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਮਾਮਲਾ ਸਲੇਮਪੁਰ ਨਿਵਾਸੀ ਦਲੇਰ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ, ਜਿਸਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ। ਪੁਲਿਸ ਨੇ ਇਹ ਕਾਰਵਾਈ ਦਲੇਰ ਸਿੰਘ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਦੇ ਮਾਮਲੇ ਵਿੱਚ ਕੀਤੀ ਹੈ। ਕੱਲ੍ਹ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਦਿਲੇਰ ਸਿੰਘ ਨੂੰ ਮਿਲਣ ਆਏ ਸਨ।

ਦਲੇਰ ਸਿੰਘ ਨੇ ਦੱਸਿਆ ਸੀ ਕਿ ਉਸਦੀ ਯਾਤਰਾ 15 ਅਗਸਤ 2024 ਨੂੰ ਸ਼ੁਰੂ ਹੋਈ ਸੀ, ਜਦੋਂ ਉਹ ਘਰੋਂ ਨਿਕਲਿਆ ਸੀ। ਏਜੰਟ ਨੇ ਉਸਨੂੰ ਭਰੋਸਾ ਦਿੱਤਾ ਸੀ ਕਿ ਉਹ ਉਸਨੂੰ ਇੱਕੋ ਵਾਰ ਵਿੱਚ ਅਮਰੀਕਾ ਭੇਜ ਦੇਵੇਗਾ, ਪਰ ਅਜਿਹਾ ਨਹੀਂ ਹੋਇਆ। ਪਹਿਲਾਂ ਉਸਨੂੰ ਦੁਬਈ ਅਤੇ ਫਿਰ ਬ੍ਰਾਜ਼ੀਲ ਲਿਜਾਇਆ ਗਿਆ।

ਉਸਨੂੰ ਦੋ ਮਹੀਨਿਆਂ ਲਈ ਬ੍ਰਾਜ਼ੀਲ ਵਿੱਚ ਨਜ਼ਰਬੰਦ ਰੱਖਿਆ ਗਿਆ ਸੀ। ਏਜੰਟ ਨੇ ਪਹਿਲਾਂ ਵੀਜ਼ਾ ਦਿਵਾਉਣ ਦਾ ਭਰੋਸਾ ਦਿੱਤਾ, ਪਰ ਬਾਅਦ ਵਿੱਚ ਕਿਹਾ ਕਿ ਵੀਜ਼ਾ ਸੰਭਵ ਨਹੀਂ ਹੈ ਅਤੇ ਹੁਣ "ਡੰਕੀ ਰੂਟ" ਅਪਣਾਉਣਾ ਪਵੇਗਾ। ਅੰਤ ਵਿੱਚ ਸਾਨੂੰ ਦੱਸਿਆ ਗਿਆ ਕਿ ਸਾਨੂੰ ਪਨਾਮਾ ਦੇ ਜੰਗਲਾਂ ਵਿੱਚੋਂ ਲੰਘਣਾ ਪਵੇਗਾ। ਇਸ ਰਸਤੇ ਨੂੰ ਲੋਅਰ ਡੌਂਕੀ ਰੂਟ ਕਿਹਾ ਜਾਂਦਾ ਹੈ। ਸਾਡੇ ਕੋਲ ਹੋਰ ਕੋਈ ਵਿਕਲਪ ਨਹੀਂ ਸੀ। ਸਾਨੂੰ ਹਾਂ ਕਹਿਣਾ ਪਿਆ ਅਤੇ ਅਸੀਂ ਪਨਾਮਾ ਦੇ ਜੰਗਲਾਂ ਤੋਂ ਅਮਰੀਕਾ ਲਈ ਰਵਾਨਾ ਹੋਏ।

ਪਨਾਮਾ ਦੇ ਜੰਗਲ ਵਿੱਚੋਂ 120 ਕਿਲੋਮੀਟਰ ਦਾ ਸਫ਼ਰ

ਦਲੇਰ ਸਿੰਘ ਨੇ ਪਨਾਮਾ ਦੇ ਜੰਗਲਾਂ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਰਸਤਿਆਂ ਵਿੱਚੋਂ ਇੱਕ ਦੱਸਿਆ। 120 ਕਿਲੋਮੀਟਰ ਲੰਬੇ ਜੰਗਲ ਨੂੰ ਪਾਰ ਕਰਨ ਲਈ ਸਾਢੇ ਤਿੰਨ ਦਿਨ ਲੱਗਦੇ ਹਨ। ਸਾਨੂੰ ਆਪਣਾ ਖਾਣਾ ਅਤੇ ਪੀਣ ਵਾਲਾ ਪਦਾਰਥ ਆਪ ਚੁੱਕਣਾ ਪਿਆ। ਇਸ ਯਾਤਰਾ 'ਤੇ ਬਣੀਆਂ ਫਿਲਮਾਂ ਪੂਰੀ ਤਰ੍ਹਾਂ ਸੱਚੀਆਂ ਹਨ।

ਉਸ ਨੇ ਦੱਸਿਆ ਕਿ ਉਸ ਦੇ ਸਮੂਹ ਵਿੱਚ 8-10 ਲੋਕ ਸਨ, ਜਿਨ੍ਹਾਂ ਵਿੱਚ ਨੇਪਾਲੀ ਨਾਗਰਿਕ ਅਤੇ ਔਰਤਾਂ ਸ਼ਾਮਲ ਸਨ। ਸਾਡੇ ਨਾਲ ਇੱਕ ਗਾਈਡ (ਡੋਂਕਰ) ਸੀ ਜਿਸਨੇ ਸਾਨੂੰ ਰਸਤਾ ਦਿਖਾਇਆ। ਪਰ ਇਹ ਸਫ਼ਰ ਇੰਨਾ ਖ਼ਤਰਨਾਕ ਸੀ ਕਿ ਹਰ ਕਦਮ 'ਤੇ ਜਾਨ ਦਾ ਖ਼ਤਰਾ ਸੀ।

ਇੱਕ ਭਾਰਤ ਦਾ ਏਜੰਟ ਸੀ ਅਤੇ ਦੂਜਾ ਦੁਬਈ ਦਾ

ਦਲੇਰ ਸਿੰਘ ਨੇ ਦੱਸਿਆ ਕਿ ਪਨਾਮਾ ਜੰਗਲ ਪਾਰ ਕਰਨ ਤੋਂ ਬਾਅਦ, ਉਹ ਮੈਕਸੀਕੋ ਪਹੁੰਚੇ ਅਤੇ ਉੱਥੋਂ ਅਮਰੀਕਾ ਦੀ ਤੇਜਵਾਨਾ ਸਰਹੱਦ ਵੱਲ ਚਲੇ ਗਏ। ਪਰ 15 ਜਨਵਰੀ, 2025 ਨੂੰ, ਉਸਨੂੰ ਅਮਰੀਕੀ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ। ਸਾਡੇ ਸਾਰੇ ਸੁਪਨੇ ਉੱਥੇ ਹੀ ਖਤਮ ਹੋ ਗਏ। ਸਾਨੂੰ ਉਮੀਦ ਸੀ ਕਿ ਅਸੀਂ ਸੁਰੱਖਿਅਤ ਅਮਰੀਕਾ ਪਹੁੰਚ ਜਾਵਾਂਗੇ, ਪਰ ਸਾਡੇ ਨਾਲ ਧੋਖਾ ਹੋਇਆ।

ਦਲੇਰ ਸਿੰਘ ਨੇ ਕਿਹਾ ਕਿ ਇਸ ਪੂਰੀ ਯਾਤਰਾ ਵਿੱਚ ਲੱਖਾਂ ਰੁਪਏ ਖਰਚ ਹੋਏ, ਜਿਸ ਵਿੱਚੋਂ ਜ਼ਿਆਦਾਤਰ ਏਜੰਟਾਂ ਨੇ ਠੱਗੀ ਮਾਰੀ। ਸਾਡੇ ਨਾਲ ਦੋ ਏਜੰਟਾਂ ਨੇ ਧੋਖਾ ਕੀਤਾ, ਇੱਕ ਦੁਬਈ ਤੋਂ ਸੀ ਅਤੇ ਦੂਜਾ ਭਾਰਤ ਤੋਂ। ਸਾਨੂੰ ਦੱਸਿਆ ਗਿਆ ਸੀ ਕਿ ਸਭ ਕੁਝ ਠੀਕ ਹੋਵੇਗਾ, ਪਰ ਸਾਨੂੰ ਇੱਕ ਖ਼ਤਰਨਾਕ ਰਸਤੇ 'ਤੇ ਧੱਕ ਦਿੱਤਾ ਗਿਆ। ਸਿੱਧੇ ਸ਼ਬਦਾਂ ਵਿਚ ਕਹੀਏ ਤਾਂ ਸਾਡੇ ਨਾਲ ਧੋਖਾ ਹੀ ਹੋਇਆ।