Moga Firing News: ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਚੱਲੀਆਂ ਗੋਲੀਆਂ, ਇਕ ਗੱਡੀ ਦੀ ਵੀ ਕੀਤੀ ਭੰਨਤੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਝਗੜੇ ਵਿੱਚ ਦੋ ਲੋਕ ਹੋਏ ਜ਼ਖ਼ਮੀ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਭਰਤੀ

mehna moga Firing News in punjabi

Mehna Moga Firing News in punjabi: ਮੋਗਾ ਜ਼ਿਲ੍ਹੇ ਦੇ ਪਿੰਡ ਮਹਿਣਾ 'ਚ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਤਿ ਇਕ ਧਿਰ ਨੇ ਦੂਜੀ ਧਿਰ ਦੇ ਉੱਪਰ ਫਾਇਰਿੰਗ ਕਰ ਦਿੱਤੀ ਅਤੇ ਦੋਨੋ ਧਿਰਾਂ ਨੇ ਇੱਕ-ਦੂਜੇ ‘ਤੇ ਜਾਨੋਂ ਮਾਰਨ ਦੇ ਦੋਸ਼ ਲਾਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਅਮਿਤ ਸਹਗਲ ਨੇ ਕਿਹਾ ਕਿ ਜ਼ਮੀਨ ਨੂੰ ਲੈ ਕੇ ਥਾਣਾ ਮਹਿਣਾ ਪੁਲਿਸ ਕੋਲ ਇੱਕ ਦਰਖ਼ਾਸਤ ਦਿੱਤੀ ਸੀ ਤਾਂ ਅੱਜ ਉਹ ਅਤੇ ਉਸ ਦੇ ਪਿਤਾ ਥਾਣਾ ਮਹਿਣਾ ਪੁਲਿਸ ਕੋਲ ਜਾ ਰਹੇ ਸਨ ਤਾਂ ਰਸਤੇ ਵਿੱਚ ਜਦੋਂ ਉਹ ਆਪਣੀ ਜ਼ਮੀਨ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਜ਼ਮੀਨ ਦੀ ਕੰਧ ਡਿੱਗੀ ਹੋਈ ਸੀ। ਜਦ ਉਹ ਦੇਖਣ ਲੱਗੇ ਤਾਂ ਉਨ੍ਹਾਂ ਦੇ ਪਿੱਛੇ ਨਿਰਮਲ ਸਿੰਘ ਅਤੇ ਅਵਤਾਰ ਸਿੰਘ ਆਪਣੇ ਕਾਰ ‘ਚ ਆਏ। ਉਨ੍ਹਾਂ ਨੇ ਆਪਣੀ ਕਾਰ ਸਾਡੀ ਕਾਰ ਦੇ ਅੱਗੇ ਲਾ ਕੇ ਗੋਲੀਆਂ ਚਲਾਈਆਂ। ਅਸੀਂ ਆਪਣੀ ਜਾਨ ਬਚਾ ਕੇ ਗੱਡੀ ਭਜਾ ਕੇ ਥਾਣੇ ਮਹਿਣਾ ਆ ਗਏ। ਨਿਰਮਲ ਸਿੰਘ ਅਤੇ ਅਵਤਾਰ ਸਿੰਘ ਦੇ ਖ਼ਿਲਾਫ਼ ਜ਼ਮੀਨ ਨੂੰ ਲੈ ਕੇ ਅਸੀਂ ਪਹਿਲਾਂ ਵੀ ਥਾਣਾ ਮਹਿਣਾ ‘ਚ ਸ਼ਿਕਾਇਤ ਦਰਜ ਕਰਵਾ ਚੁੱਕੇ ਹਾਂ।

ਦੂਜੇ ਪਾਸੇ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਥਾਣਾ ਮਹਿਣਾ ਵਲੋਂ ਆ ਰਹੇ ਸਨ, ਤਾਂ ਰਸਤੇ ਵਿਚ ਅਮਿਤ ਸਹਗਲ ਅਤੇ ਉਨ੍ਹਾਂ ਦੇ 20-25 ਸਾਥੀਆਂ ਨੇ ਉਨ੍ਹਾਂ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਸਾਡੇ ਉਪਰ ਹਮਲਾ ਕਰ ਦਿੱਤਾ ਅਤੇ ਗੋਲੀਆਂ ਚਲਾ ਦਿੱਤੀਆਂ ਅਤੇ ਸਾਡੀ ਕੁੱਟਮਾਰ ਕੀਤੀ। ਅਸੀਂ ਭੱਜ ਕੇ ਆਪਣੀ ਜਾਨ ਬਚਾਈ।  ਹਮਲੇ ਵਿਚ ਜ਼ਖ਼ਮੀ ਦਾ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਸਾਡਾ ਲਾਇਸੈਂਸੀ ਰਿਵਾਲਵਰ ਵੀ ਖੋ ਕੇ ਮੌਕੇ ਤੋਂ ਫਰਾਰ ਹੋ ਗਏ। ਅਸੀਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਕਿਹਾ ਕਿ ਸਾਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਬੁੱਗੀਪੂਰਾ ਚੌਂਕ ਦੇ ਅੱਗੇ ਦੋ ਧਿਰਾਂ ਦਾ ਅਮਿਤ ਸਹਿਗਲ ਤੇ ਨਿਰਮਲ ਸਿੰਘ ਦਾ ਜ਼ਮੀਨ ਨੂੰ ਲੈ ਕੇ ਲੜਾਈ ਝਗੜਾ ਹੋਇਆ ਹੈ ਅਤੇ ਦੋ ਫ਼ਾਇਰ ਵੀ ਹੋਏ ਹਨ। ਅਸੀਂ ਵੈਰੀਫਾਈ ਕਰ ਰਹੇ ਹਾਂ ਅਤੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਜ਼ਮੀਨ ਦਾ ਮਾਲਕ ਕੌਣ ਹੈ ਇਹ ਹਾਲੇ ਕਲੀਅਰ ਨਹੀਂ ਹੈ। ਜਦੋਂ ਦੋਵੇਂ ਧਿਰਾਂ ਆਪਣੇ ਆਪਣੇ ਪੇਪਰ ਦਿਖਾਉਣੀਆਂ। ਉਸ ਦੇ ਹਿਸਾਬ ਨਾਲ ਕਾਰਵਾਈ ਕਰਾਂਗੇ ਅਤੇ ਗੋਲੀ ਕਿਸ ਨੇ ਚਲਾਈ ਹੈ ਇਸ ਦੀ ਵੀ ਅਸੀਂ ਜਾਂਚ ਕਰ ਰਹੇ ਹਾਂ। ਇਸਦੇ ਲੜਾਈ ਵਿੱਚ ਇੱਕ ਆਈ20 ਕਾਰ 'ਤੇ ਗੋਲੀਆਂ ਲੱਗੀਆਂ ਨੇ ਤੇ ਇੱਕ ਹੰਡਾਈ ਗੱਡੀ ਦੀ ਤੋੜਭੰਨ ਹੋਈ ਹੈ।