Tarn Taran News : ਅਮਰੀਕਾ ’ਚੋਂ ਦੇਸ਼ ਨਿਕਾਲਾ ਹੋ ਕੇ ਆਏ ਤਰਨ ਤਰਨ ਦੇ ਨੌਜਵਾਨ ਨੇ ਸੁਣਾਈ ਆਪਣੀ ਹੱਡਬੀਤੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Tarn Taran News : ਦੋ ਸਾਲ ਪਹਿਲਾਂ ਗਿਆ ਸੀ ਸਪੇਨ, ਪਿੰਡ ਦੇ ਏਜੰਟ ਨੇ ਸਪੇਨ ਤੋਂ ਅਮਰੀਕਾ ਭੇਜਣ ਲਈ ਲਏ ਸੀ 22 ਲੱਖ ਰੁਪਏ 

ਅਮਰੀਕਾ ’ਚੋਂ ਦੇਸ਼ ਨਿਕਾਲਾ ਹੋ ਕੇ ਆਇਆ ਨੌਜਵਾਨ ਮਨਦੀਪ ਸਿੰਘ

Tarn Taran News in Punjabi : ਅਮਰੀਕਾ ਨੇ 104 ਭਾਰਤੀਆਂ ਨੂੰ ਦੇਸ਼ ਨਿਕਾਲਾ ਕਰਕੇ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ’ਤੇ C 17 ਜਹਾਜ਼ ਰਾਹੀਂ ਭੇਜਿਆ ਹੈ। ਜਿਸ ਵਿਚ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਦਾ ਨੌਜਵਾਨ ਵੀ ਸ਼ਾਮਿਲ ਹੈ ਜਿਸ ਦੀ ਪਹਿਚਾਣ ਮਨਦੀਪ ਸਿੰਘ ਵਜੋਂ ਹੋਈ ਹੈ। 

ਇਸ ਮੌਕੇ ਅਮਰੀਕਾ ਤੋਂ ਦੇਸ਼ ਨਿਕਾਲਾ ਹੋ ਕੇ ਆਏ ਮਨਦੀਪ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਸਪੇਨ ਗਿਆ ਸੀ ਅਤੇ ਸਪੇਨ ਤੋਂ ਉਸਨੇ ਆਪਣੇ ਹੀ ਪਿੰਡ ਦੇ ਏਜੰਟ ਨਾਲ ਅਮਰੀਕਾ ਜਾਣ ਲਈ ਗੱਲ ਕੀਤੀ ਸੀ। ਜਿਸ ਤੋਂ ਬਾਅਦ ਏਜੰਟ ਵੱਲੋਂ ਉਸ ਤੋਂ 22 ਲੱਖ ਰੁਪਏ ਲਏ ਗਏ ਸਨ ਅਤੇ ਪੈਸੇ ਲੈਣ ਦੇ ਬਾਵਜੂਦ ਉਕਤ ਏਜੰਟ ਵੱਲੋਂ ਉਸ ਨੂੰ ਦੋ ਮਹੀਨਿਆਂ ਤੋਂ ਵੱਧ ਸਮੇਂ ਲਈ ਖ਼ਰਾਬ ਕੀਤਾ ਗਿਆ। ਮਨਦੀਪ ਸਿੰਘ ਨੇ ਦੱਸਿਆ ਕਿ ਏਜੰਟ ਵੱਲੋਂ ਅੱਗੇ ਡੋਂਕਰਾਂ ਨੂੰ ਪੈਸੇ ਨਾ ਦੇਣ ਕਾਰਨ ਡੋਂਕਰਾਂ ਵੱਲੋਂ ਉਸਨੂੰ ਕੈਦ ਰੱਖ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਥੋਂ ਤੱਕ ਕਿ ਡੋਂਕਰਾਂ ਵੱਲੋਂ ਉਸ ਨੂੰ ਖਾਣਾ ਤੱਕ ਨਹੀਂ ਦਿੱਤਾ ਗਿਆ ਅਤੇ ਮਜ਼ਬੂਰੀ ਵੱਸ ਉਸ ਨੂੰ ਕਈ ਵਾਰ ਫਲੱਸ਼ ਵਾਲੀ ਟੈਂਕੀ ਦਾ ਪਾਣੀ ਤੱਕ ਪੀਣਾ ਪਿਆ।

ਉਸਨੇ ਦੱਸਿਆ ਕਿ ਬਾਅਦ ’ਚ ਇੱਕ ਹੋਰ ਏਜੰਟ ਕੀਤਾ ਗਿਆ। ਜਿਸ ਨੇ ਉਸਨੂੰ ਇਕ ਹਫ਼ਤੇ ’ਚ ਹੀ ਅਮਰੀਕਾ ਭੇਜ ਦਿੱਤਾ। ਪ੍ਰੰਤੂ ਅਮਰੀਕਾ ਪਹੁੰਚਣ ਸਾਰ ਹੀ ਉਹ 22 ਜਨਵਰੀ ਨੂੰ ਫੜਿਆ ਗਿਆ। ਜਿਥੇ ਉਸ ਨੂੰ ਹੋਰ ਪੰਜਾਬੀਆਂ ਨਾਲ ਕੈਂਪ ’ਚ ਬੇੜੀਆਂ ਨਾਲ ਬੰਨ ਕੇ ਰੱਖਿਆ ਗਿਆ ਅਤੇ ਬੀਤੇ ਦਿਨੀਂ ਉਹ ਜਹਾਜ਼ ਰਾਹੀਂ ਆਪਣੇ ਘਰ ਪਹੁੰਚੇ ਹਨ। ਪੀੜ੍ਹਤ ਮਨਦੀਪ ਸਿੰਘ ਵੱਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਉਸ ਨਾਲ ਠੱਗੀ ਮਾਰਨ ਵਾਲੇ ਫ਼ਰਜ਼ੀ ਟਰੈਵਲ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। 

(For more news apart from  young man from Tarn Taran, who had been deported from America, narrated his grief News in Punjabi, stay tuned to Rozana Spokesman)