ਪਰਵਾਸੀ ਲਾੜਿਆਂ ਨੇ 40 ਹਜ਼ਾਰ ਪੰਜਾਬਣਾਂ ਦੀ ਜ਼ਿੰਦਗੀ ਬਣਾਈ ਨਰਕ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ 40,000 ਔਰਤਾਂ ਪ੍ਰਵਾਸੀ ਲਾੜਿਆਂ ਦਾ ਇੰਤਜ਼ਾਰ ਕਰ  ਰਹੀਆਂ ਹਨ। ਇਹਨਾਂ ਵਿਚੋਂ 20,000 ਔਰਤਾਂ ਦੁਆਬੇ ਖੇਤਰ ਦੀਆਂ ਹਨ।

Wives of NRIs

ਜਲੰਧਰ : ਪੰਜਾਬ ਵਿਚ 40,000 ਔਰਤਾਂ ਪ੍ਰਵਾਸੀ ਲਾੜਿਆਂ ਦਾ ਇੰਤਜ਼ਾਰ ਕਰ  ਰਹੀਆਂ ਹਨ। ਇਹਨਾਂ ਵਿਚੋਂ 20,000 ਔਰਤਾਂ ਦੁਆਬੇ ਖੇਤਰ ਦੀਆਂ ਹਨ। ਇਹ ਔਰਤਾਂ ਕਈ ਸਾਲਾਂ ਤੋਂ ਇਨਸਾਫ ਦੀ ਉਮੀਦ ਵਿਚ ਜਿਊਂਦੀਆਂ ਹਨ, ਪਰ ਪੁਲਿਸ, ਅਦਾਲਤ ਅਤੇ ਸਰਕਾਰ ਵਿਚੋਂ ਕਿਸੇ ਨੇ ਵੀ ਇਹਨਾਂ ਦੀ ਪ੍ਰੇਸ਼ਾਨੀ ਦਾ ਹੱਲ ਨਹੀਂ ਕੱਢਿਆ ਅਤੇ ਨਾ ਹੀ ਪਤਨੀ ਨੂੰ ਛੱਡਣ ਵਾਲੇ ਕਿਸੇ ਐਨਆਰਆਈ ਖ਼ਿਲਾਫ ਕਾਰਵਾਈ ਲਈ ਕੋਈ ਕਾਨੂੰਨ ਬਣਿਆ ਹੈ।

ਵਿਦੇਸ਼ਾਂ ਵਿਚ ਰਹਿ ਰਹੇ ਪੰਜਾਬੀ ਮੁੰਡੇ ਪੰਜਾਬ ਆ ਕੇ ਕੁੜੀ ਵਾਲਿਆਂ ਨੂੰ ਸਬਜ਼ਬਾਗ ਦਿਖਾ ਕੇ ਵਿਆਹ ਕਰਵਾ ਲੈਂਦੇ ਹਨ ਅਤੇ ਵਿਆਹ ਤੋਂ ਬਾਅਦ ਵਿਦੇਸ਼ ਚਲੇ ਜਾਂਦੇ ਹਨ। ਜਾਣ ਸਮੇਂ ਇਹ ਕਹਿ ਕੇ ਜਾਂਦੇ ਹਨ ਕਿ ਪਤਨੀ ਨੂੰ ਜਲਦ ਹੀ ਬੁਲਾ ਲੈਣਗੇ, ਪਰ ਪਤੀ ਦੇ ਇੰਤਜ਼ਾਰ ਵਿਚ ਮੁਟਿਆਰਾਂ ਜਿਊਂਦੀ ਲਾਸ਼ ਬਣ ਕੇ ਰਹਿ ਜਾਂਦੀਆਂ ਹਨ।

 ਪੰਜਾਬ ਵਿਚ 627 ਐਨਆਰਆਈਜ਼ ਨੂੰ ਪੁਲਿਸ ਨੇ ਭਗੌੜਾ ਐਲਾਨ ਦਿੱਤਾ ਹੈ। ਇਹਨਾਂ ਖਿਲਾਫ਼ ਕਈ ਗੰਭੀਰ ਮਾਮਲੇ ਵੀ ਦਰਜ ਹਨ। ਇਹਨਾਂ ਵਿਚੋਂ ਸਭ ਤੋਂ ਵੱਧ ਮਾਮਲੇ ਜਲੰਧਰ ਦਿਹਾਤ ਥਾਣੇ ਦੇ ਹਨ। ਹਾਲਾਂਕਿ ਪਿਛਲੇ ਦਿਨੀਂ ਵਿਦੇਸ਼ ਮੰਤਰਾਲਾ ਨੇ ਅਜਿਹੇ ਹੀ 45 ਲਾੜਿਆਂ ਦੇ ਪਾਸਪੋਰਟ ਰੱਦ ਕੀਤੇ ਸੀ। ਪਰ ਜ਼ੁਰਮ ਦੀ ਗਿਣਤੀ ਦੇ ਹਿਸਾਬ ਨਾਲ ਇਹ ਗਿਣਤੀ ਬਹੁਤ ਘੱਟ ਹੈ।

ਹਾਲਾਂਕਿ ਬੀਤੀ 11 ਜਨਵਰੀ ਨੂੰ ਰਾਜ ਸਭਾ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪ੍ਰਵਾਸੀ ਲਾੜਿਆਂ ਲਈ ‘ਦ ਰਜਿਸਟਰੇਸ਼ਨ ਆਫ ਮੈਰਿਜ ਆਫ ਨਾਨ ਰੈਜ਼ੀਡੈਂਟ ਇੰਡੀਅਨ ਬਿਲ’ ਪੇਸ਼ ਕੀਤਾ ਸੀ। ਪਰ ਸੰਸਦ ਮੈਂਬਰਾਂ ਵੱਲੋਂ ਜ਼ੋਰ ਨਾ ਲਾਏ ਜਾਣ ਤੇ ਇਹ ਬਿਲ ਫਸ ਗਿਆ। ਹੁਣ ਇਹ ਬਿਲ 17ਵੀਂ ਲੋਕ ਸਭਾ ਵਿਚ ਪਾਸ ਹੋ ਸਕਦਾ ਹੈ।