ਮਹਿਲਾ ਦਿਵਸ ਮਨਾਉਣ ਲਈ ਵੱਡੀ ਗਿਣਤੀ ਵਿਚ ਔਰਤਾਂ ਦਿੱਲੀ ਲਈ ਹੋਈਆਂ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਦੇ ਖ਼ਿਲਾਫ਼  ਜੰਮ ਕੇ ਕੀਤੀ ਨਾਅਰੇਬਾਜ਼ੀ

A large number of women Going to Delhi

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਹਨ ਜਿੱਥੇ ਸੰਯੁਕਤ ਮੋਰਚਾ ਦਿੱਲੀ ਦੇ ਬਾਰਡਰਾਂ ਉੱਪਰ ਡਟਿਆ ਹੋਇਆ ਹੈ ਉੱਥੇ ਹੀ ਪੰਜਾਬ ਭਰ ਵਿਚ ਵੀ ਧਰਨੇ ਪ੍ਰਦਰਸ਼ਨ ਚੱਲ ਰਹੇ ਹਨ। ਇਸੇ ਲੜੀ ਤਹਿਤ ਕਿਸਾਨਾਂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਵੀ ਬਾਰਡਰਾਂ ਤੇ ਮਨਾਉਣ ਦਾ ਹੀ ਫੈਸਲਾ ਕੀਤਾ ਗਿਆ ਹੈ।

ਮਹਿਲਾ ਦਿਵਸ ਮਨਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਕਿਸਾਨ ਔਰਤਾਂ ਅੱਜ ਵੱਡੀ ਗਿਣਤੀ ਵਿੱਚ ਦਿੱਲੀ ਲਈ ਰਵਾਨਾ ਹੋਈਆਂ। ਰਵਾਨਾ ਹੋਣ ਤੋਂ ਪਹਿਲਾਂ ਮਾਨਸਾ ਦੇ ਰੇਲਵੇ ਸਟੇਸ਼ਨ ਤੇ ਗੱਲਬਾਤ ਕਰਦਿਆਂ ਔਰਤਾਂ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਅੰਦੋਲਨ ਵਿਚ ਭਾਗ ਲੈ ਰਹੀਆਂ ਹਾਂ ਤੇ ਹੁਣ ਮਹਿਲਾ ਦਿਵਸ ਵੀ ਬਾਰਡਰਾਂ ਤੇ ਹੀ ਮਨਾਵਾਂਗੀਆਂ ਤੇ ਤਿੰਨੇ ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਰਹਾਂਗੀਆਂ।

ਇਸ ਮੌਕੇ ਉਨ੍ਹਾਂ  ਨੇ ਕੇਂਦਰ ਸਰਕਾਰ ਦੇ ਖ਼ਿਲਾਫ਼  ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਨਹੀਂ ਛੱਡ ਰਹੀ ਅਤੇ ਉਹ ਸਿਰਫ਼ ਇੱਕੋ ਜ਼ਿੱਦ ਤੇ ਅੜੀ ਹੈ  ਪਰ ਕਿਸਾਨ ਜਥੇਬੰਦੀਆਂ ਵੀ ਪਿੱਛੇ ਹਟਣ ਵਾਲੀਆਂ ਨਹੀਂ ਹਨ।

 ਉਹਨਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਸੰਘਰਸ਼ ਜਾਰੀ ਰੱਖਾਂਗੇ।  ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚੇ ਦੇ ਸੱਦੇ ਤਹਿਤ ਅਸੀਂ ਔਰਤਾਂ ਵੱਡੀ ਗਿਣਤੀ ਵਿੱਚ ਇਕੱਠੀਆਂ ਹੋ ਕੇ ਦਿੱਲੀ ਜਾ ਰਹੀਆਂ ਹਾਂ।

ਉਨ੍ਹਾਂ ਕਿਹਾ ਕਿ ਅਸੀਂ ਆਪਣੀ ਤਾਕਤ ਦਿਖਾ ਕੇ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਪਿੱਛੇ ਹਟਣ ਵਾਲੇ ਨਹੀਂ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ  ਉਦੋਂ ਤਕ ਅਸੀਂ  ਇਸੇ ਤਰ੍ਹਾਂ ਡਟੇ ਰਹਾਂਗੇ।

ਮਾਨਸਾ ਦੇ ਪਿੰਡ ਭੈਣੀਬਾਘਾ ਤੋਂ ਔਰਤਾਂ ਦਾ ਜਥਾ ਦਿੱਲੀ ਲਈ ਹੋਇਆ ਰਵਾਨਾ। ਜਾਣਕਾਰੀ ਦਿੰਦਿਆਂ ਕਿਸਾਨ ਆਗੂ ਨੇ ਕਿਹਾ ਗਿਆ ਸੀ ਅੱਜ ਵੱਡੀ ਗਿਣਤੀ ਵਿਚ ਮਾਨਸਾ ਜ਼ਿਲ੍ਹੇ ਤੋਂ ਔਰਤਾਂ ਦਾ ਜਥਾ ਦਿੱਲੀ ਲਈ ਲੈ ਕੇ ਜਾ ਰਿਹਾ ਕਿਉਂਕਿ ਕੱਲ੍ਹ ਅੱਠ ਮਾਰਚ  ਮਹਿਲਾ ਦਿਵਸ ਤੇ ਪਕੌੜਾ ਚੌਕ ਵਿਖੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ।

ਜਿਸ ਦੇ ਤਹਿਤ ਅੱਜ ਅਸੀਂ ਇਕ ਮਿੰਨੀ ਬੱਸ ਅਤੇ ਇਕ ਪਿਕਅੱਪ ਡਾਲਾ ਅਤੇ ਵੱਖ ਵੱਖ ਪਿੰਡਾਂ ਦੇ ਵਿੱਚੋਂ ਔਰਤਾਂ ਦਿੱਲੀ ਲਈ ਲੈ ਕੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਨਹੀਂ ਛੱਡ ਰਹੀ ਅਤੇ ਖੇਤੀ ਕਾਨੂੰਨ ਰੱਦ ਨਹੀਂ ਕਰ ਰਹੀ ਇਸੇ ਕਰਕੇ ਅਸੀਂ ਉਥੇ ਆਪਣਾ ਰੋਸ ਜਤਾਉਣ ਲਈ ਮਹਿਲਾਵਾਂ ਨੂੰ ਲੈ ਕੇ ਜਾ ਰਹੇ ਹਾਂ  ਅਤੇ ਖੇਤੀ ਕਾਨੂੰਨ ਰੱਦ ਕਰਾਉਣ ਤਕ ਇਹ ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ ।