ਐਗਜ਼ਿਟ ਪੋਲ ਨਤੀਜਿਆਂ 'ਤੇ ਬੋਲੇ CM ਚੰਨੀ -'ਅਸਲ ਨਤੀਜੇ 10 ਮਾਰਚ ਨੂੰ ਆਉਣਗੇ, ਇੰਤਜ਼ਾਰ ਕਰੋ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਵੱਖ-ਵੱਖ ਮੁੱਦਿਆਂ 'ਤੇ ਕੀਤੀ ਗੱਲਬਾਤ

CM Charanjit Singh Channi

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੀ ਐਗਜ਼ਿਟ ਪੋਲ ਰਿਪੋਰਟ ਨੂੰ ਲੈ ਕੇ ਬੋਲਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਤਾਂ ਰਿਜ਼ਲਟ ਹੀ ਦੱਸੇਗਾ ਤੇ ਚੋਣ ਨਤੀਜਿਆਂ ਦੀ ਉਡੀਕ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਚੰਨੀ ਅੱਜ ਦਿੱਲੀ ਵਿਖੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਗਏ ਸਨ।

ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁੱਦੇ ਸਮੇਤ ਯੂਕਰੇਨ ’ਚ ਫਸੇ ਪੰਜਾਬੀਆਂ ਨੂੰ ਲੈ ਕੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਅਜੇ ਕਈ ਮੰਤਰੀ ਇਥੇ ਨਹੀਂ ਹਨ ਤੇ ਬਹੁਤ ਜਲਦ ਉਹ ਮੰਤਰੀਆਂ ਨਾਲ ਇਸ ਨੂੰ ਲੈ ਕੇ ਚਰਚਾ ਕਰਨਗੇ।

ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਜਿਵੇਂ ਪੰਜਾਬ ਚਾਹੁੰਦਾ ਹੈ, ਉਸੇ ਤਰ੍ਹਾਂ ਹੀ ਕਰਾਂਗੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਦੇ 997 ਵਿਦਿਆਰਥੀ ਉਥੇ ਫਸੇ ਹੋਏ ਸਨ ਜਿਨ੍ਹਾਂ ’ਚੋਂ 420 ਵਤਨ ਪਰਤ ਆਏ ਹਨ। 200 ਵਿਦਿਆਰਥੀ ਪੋਲੈਂਡ ’ਚ ਪਹੁੰਚ ਗਏ ਹਨ, ਜੋ ਉਥੇ ਸੁਰੱਖਿਅਤ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਉਥੇ ਫਸੇ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣਗੇ।  

ਪੱਤਰਕਾਰਾਂ ਵਲੋਂ ਐਗਜ਼ਿਟ ਪੋਲ ਦੇ ਨਤੀਜੀਆਂ ਦਾ ਜ਼ਿਕਰ ਕਰਦੇ ਹੋਏ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਚੋਣ ਨਤੀਜਿਆਂ ਬਾਰੇ ਤਾਂ ਬਕਸੇ ਹੀ ਦਸ ਸਕਦੇ ਹਨ ਇਸ ਲਈ ਇੰਤਜ਼ਾਰ ਕਰਨਾ ਹੀ ਠੀਕ ਹੈ। ਅਸਲ ਨਤੀਜੇ ਤਾਂ 10 ਮਾਰਚ ਨੂੰ ਹੀ ਪਤਾ ਲੱਗਣਗੇ।

ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਏ ਵੱਖ-ਵੱਖ ਐਗਜ਼ਿਟ ਪੋਲ ’ਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਐਗਜ਼ਿਟ ਪੋਲ ਰਿਪੋਰਟ ਅਨੁਸਾਰ ਆਮ ਆਦਮੀ ਪਾਰਟੀ ਨੂੰ 70 ਤੋਂ 75 ਸੀਟਾਂ, ਜਦਕਿ ਕਾਂਗਰਸ ਨੂੰ 27 ਤੋਂ 33 ਸੀਟਾਂ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਨੂੰ 7 ਤੋਂ 13 ਸੀਟਾਂ ਅਤੇ  ਭਾਜਪਾ-ਪੰਜਾਬ ਲੋਕ ਕਾਂਗਰਸ ਗਠਜੋੜ ਨੂੰ 3 ਤੋਂ 7 ਸੀਟਾਂ ਹਾਸਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।