ਕਾਂਗਰਸ ਵਲੋਂ ਅਪਣੇ ਉਮੀਦਵਾਰਾਂ ਨੂੰ ਪੰਜਾਬ ਤੋਂ ਰਾਜਸਥਾਨ ਜਾਂ ਛੱਤੀਸਗੜ੍ਹ ਭੇਜਣ ਦੀ ਤਿਆਰੀ

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸ ਵਲੋਂ ਅਪਣੇ ਉਮੀਦਵਾਰਾਂ ਨੂੰ ਪੰਜਾਬ ਤੋਂ ਰਾਜਸਥਾਨ ਜਾਂ ਛੱਤੀਸਗੜ੍ਹ ਭੇਜਣ ਦੀ ਤਿਆਰੀ

image

ਚੰਡੀਗੜ੍ਹ, 6 ਮਾਰਚ (ਸਸਸ): ਕਾਂਗਰਸ ਅਪਣੇ ਵਿਧਾਇਕਾਂ ਨੂੰ  ਪੰਜਾਬ ਤੋਂ ਰਾਜਸਥਾਨ ਜਾਂ ਛੱਤੀਸਗੜ੍ਹ ਤਬਦੀਲ ਕਰ ਸਕਦੀ ਹੈ, ਜਦੋਂ ਕਿ ਦਿੱਲੀ ਦੀ ਸੱਤਾਧਾਰੀ ਪਾਰਟੀ ਅਪਣੇ ਵਿਧਾਇਕਾਂ ਨੂੰ  ਰਾਸ਼ਟਰੀ ਰਾਜਧਾਨੀ ਤਬਦੀਲ ਕਰ ਸਕਦੀ ਹੈ | ਮੰਨਿਆ ਜਾ ਰਿਹਾ ਹੈ ਕਿ ਰਾਜਸਥਾਨ 'ਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਪੰਜਾਬ ਦੇ ਨਵੇਂ ਚੁਣੇ ਗਏ ਕਾਂਗਰਸੀ ਵਿਧਾਇਕਾਂ ਨੂੰ  ਜੈਪੁਰ 'ਚ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ | ਪਾਰਟੀ ਦੇ ਇਕ ਆਗੂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਅੰਦਰੂਨੀ ਸਰਵੇਖਣਾਂ ਮੁਤਾਬਕ ਕਾਂਗਰਸ ਪਾਰਟੀ ਨੂੰ  ਪੰਜਾਬ 'ਚ 50 ਦੇ ਕਰੀਬ ਸੀਟਾਂ ਮਿਲ ਸਕਦੀਆਂ ਹਨ | ਮੀਡੀਆ ਰਿਪੋਰਟਾਂ ਮੁਤਾਬਕ ਇਕ ਹੋਰ ਅੰਦਰੂਨੀ ਸਰਵੇਖਣ ਮੁਤਾਬਕ ਅਕਾਲੀ-ਬਸਪਾ ਗਠਜੋੜ ਨੂੰ  35 ਦੇ ਕਰੀਬ ਸੀਟਾਂ ਮਿਲ ਸਕਦੀਆਂ ਹਨ | ਹਾਲਾਂਕਿ 'ਆਪ' ਸੂਬੇ 'ਚ ਪੂਰਨ ਬਹੁਮਤ ਦਾ ਦਾਅਵਾ ਕਰ ਰਹੀ ਹੈ | ਸੂਤਰਾਂ ਮੁਤਾਬਕ ਅਕਾਲੀ ਆਗੂ ਚੋਣਾਂ ਤੋਂ ਬਾਅਦ ਗਠਜੋੜ ਬਣਾਉਣ ਲਈ ਭਾਜਪਾ ਦੇ ਸੰਪਰਕ ਵਿਚ ਹਨ | ਇਕ ਰਿਪੋਰਟ ਮੁਤਾਬਕ ਸਾਰੀਆਂ ਪਾਰਟੀਆਂ ਸੂਬੇ 'ਚ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀਆਂ ਹਨ |
ਸੂਤਰਾਂ ਨੇ ਦਸਿਆ ਕਿ ਅਜਿਹੇ ਖਦਸ਼ੇ ਹਨ ਕਿ ਜੇਕਰ ਕਿਸੇ ਨੂੰ  ਸਪੱਸ਼ਟ ਬਹੁਮਤ ਨਾ ਮਿਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੀ ਸਾਬਕਾ ਸਹਿਯੋਗੀ ਭਾਜਪਾ ਗਠਜੋੜ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨਗੇ ਅਤੇ ਜੇਕਰ ਉਹ ਲੋੜੀਂਦੀ ਗਿਣਤੀ 59 ਤੋਂ ਵੀ ਘੱਟ ਰਹੇ ਤਾਂ ਉਹ ਕਾਂਗਰਸ ਅਤੇ 'ਆਪ' ਦੇ ਵਿਧਾਇਕਾਂ ਨੂੰ  ਖ਼ਰੀਦਣ ਦੀ ਕੋਸ਼ਿਸ਼ ਵੀ ਕਰ ਸਕਦੇ ਹਨ | ਗਠਜੋੜ ਸਰਕਾਰ ਬਣਾਉਣ ਲਈ ਅਕਾਲੀ ਦਲ ਭਾਜਪਾ ਨਾਲ ਸੰਪਰਕ ਕਰ ਸਕਦਾ ਹੈ |
ਸੂਤਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਇਕ ਯੋਜਨਾ ਉਲੀਕੀ ਹੈ ਤਾਂ ਜੋ ਉਨ੍ਹਾਂ ਦੇ ਨਵੇਂ ਚੁਣੇ ਵਿਧਾਇਕ ਦੂਜੀਆਂ ਸਿਆਸੀ ਪਾਰਟੀਆਂ ਦੇ ਸ਼ਿਕਾਰ ਨਾ ਹੋਣ | 'ਆਪ' ਦੇ ਜੇਤੂ ਵਿਧਾਇਕਾਂ ਨੂੰ  ਦਿੱਲੀ ਲਿਜਾਏ ਜਾਣ ਦੀ ਸੰਭਾਵਨਾ ਹੈ | ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੂਤਰਾਂ ਨੇ ਦਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ਵਿਚ ਹਨ |