ਪਾਤੜਾਂ, 6 ਮਾਰਚ (ਪਰਮਿੰਦਰ ਮੋਦਗਿਲ): ਡਾਕਟਰੀ ਦੀ ਪੜ੍ਹਾਈ ਕਰਨ ਲਈ ਕਰੀਬ 6 ਸਾਲ ਪਹਿਲਾਂ ਯੂਕਰੇਨ ਗਿਆ ਸ਼ਹਿਰ ਦਾ ਅਜੇ ਸ਼ਰਮਾ ਮੁਸ਼ਕਲਾਂ ਨਾਲ ਲੜਦਿਆਂ ਜੰਗ ਜਿੱਤ ਕੇ ਘਰ ਪਰਤ ਆਇਆ ਹੈ | ਹਫ਼ਤੇ ਤੋਂ ਵੱਧ ਸਮਾਂ ਔਕੜਾਂ ਨਾਲ ਦੋ ਚਾਰ ਹੋਣ ਮਗਰੋਂ ਅਜੇ ਦੇ ਘਰ ਪਹੁੰਚਣ ਦੀ ਖ਼ਬਰ ਮਿਲਦਿਆਂ ਹੀ ਮੁਹੱਲੇ ਵਿਚ ਖ਼ੁਸ਼ੀ ਦੀ ਲਹਿਰ ਛਾ ਗਈ | ਪਿਤਾ ਅਸ਼ੋਕ ਕੁਮਾਰ ਅਤੇ ਮਾਂ ਦਵਿੰਦਰ ਕੁਮਾਰੀ ਜਿਥੇ ਅਪਣੇ ਪੁੱਤਰ ਦੇ ਸੁੱਖੀ ਸਾਂਦੀ ਘਰ ਪਹੁੰਚਣ ਦੀ ਖ਼ੁਸ਼ੀ ਮਨਾ ਰਹੇ ਸਨ ਉਥੇ ਯੂਕਰੇਨ ਵਿਚ ਫਸੇ ਹੋਰ ਭਾਰਤੀ ਵਿਦਿਆਰਥੀਆਂ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਸਨ | ਘਰ ਪਰਤੇ ਅਜੇ ਸ਼ਰਮਾ ਦਾ ਮੁਹੱਲਾ ਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ |
ਯੂਕਰੇਨ ਦੇ ਖਾਰਕੀਵ ਵਿਖੇ ਐਮਬੀਬੀਐਸ ਦੇ ਫ਼ਾਈਨਲ ਸਾਲ ਦੀ ਪੜ੍ਹਾਈ ਕਰ ਰਹੇ ਅਜੈ ਸ਼ਰਮਾ ਨੇ ਅਪਣੀ ਹੱਡਬੀਤੀ ਸੁਣਾਉਂਦਿਆਂ ਦਸਿਆ ਕਿ 24 ਫ਼ਰਵਰੀ ਨੂੰ ਜਦੋਂ ਜੰਗ ਦੀ ਸ਼ੁਰੂਆਤ ਹੋਈ ਤਾਂ ਉਹ ਸਵੇਰੇ ਪੌਣੇ ਪੰਜ ਵਜੇ ਦੇ ਕਰੀਬ ਸੁੱਤਾ ਹੋਇਆ ਸੀ | ਖਾਰਕੀਵ ਉਤੇ ਹੋਏ ਪਹਿਲੇ ਬੰਬ ਹਮਲਾ ਦਿਲ ਦਹਿਲਾ ਦੇਣ ਵਾਲਾ ਸੀ ਉਸ ਮਗਰੋਂ ਤੋਂ ਬੰਬਾਂ ਦੀ ਗੜਗੜਾਹਟ ਆਮ ਜਿਹੀ ਲੱਗਣ ਲੱਗੀ ਅਪਣੀ ਜਾਨ ਬਚਾਉਣ ਦੀ ਚਿੰਤਾ ਸੀ | ਇਸ ਲਈ ਬੰਕਰਾਂ ਵਿਚ ਲੁਕ ਕੇ ਦਿਨ ਕਟੀ ਕੀਤੀ | ਖਾਣਾ ਤਾਂ ਦੂਰ ਦੀ ਗੱਲ ਪੀਣ ਲਈ ਪਾਣੀ ਵੀ ਕੋਲ ਨਹੀਂ ਸੀ | ਟੂਟੀਆਂ ਵਿਚੋਂ ਨਿਕਲਣ ਵਾਲਾ ਗੰਦਾ ਪਾਣੀ ਅੱਖਾਂ ਬੰਦ ਕਰ ਕੇ ਪੀਣਾ ਅਤੇ ਦੋ ਦੋ ਬਿਸਕੁਟ ਖਾ ਕੇ ਦਿਨ ਲੰਘਾਉਣ ਲਈ ਮਜ਼ਬੂਰ ਹੋਣਾ ਪਿਆ | ਅਪਣੀ ਵਾਪਸੀ ਦਾ ਹਾਲ ਬਿਆਨ ਕਰਦਿਆਂ ਉਸ ਨੇ ਦਸਿਆ ਕਿ ਭਾਰਤੀ ਅੰਬੈਸੀ ਦੇ ਆਦੇਸ਼ਾਂ ਤੇ ਪੋਲੈਂਡ ਤਕ ਪਹੁੰਚਣ ਲਈ ਉਨ੍ਹਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ | ਰੇਲ ਗੱਡੀ ਵਿਚ ਯੂਕਰੇਨੀ ਲੋਕਾਂ, ਔਰਤਾਂ ਅਤੇ ਬੱਚੀਆਂ ਨੂੰ ਪਹਿਲ ਹੋਣ ਕਰ ਕੇ ਭਾਰਤੀ ਵਿਦਿਆਰਥੀਆਂ ਨੂੰ ਰੇਲ ਗੱਡੀ ਵਿਚ ਚੜ੍ਹਨ ਨਹੀਂ ਦਿਤਾ ਜਾਂਦਾ | ਉਸ ਨੂੰ ਦਸਿਆ ਕਿ 1500ੌ ਕਿਲੋਮੀਟਰ ਦਾ ਸਫ਼ਰ ਇਕੀ ਘੰਟਿਆਂ ਵਿਚ ਉਸ ਨੇ ਟ੍ਰੇਨ ਵਿਚ ਖੜੇ ਹੋ ਕੇ ਕੀਤਾ |
ਅਜੈ ਸ਼ਰਮਾ ਨੇ ਦਸਿਆ ਕਿ ਜੇਕਰ ਭਾਰਤੀ ਅੰਬੈਸੀ ਦੇ ਯੂਕਰੇਨ ਨਾਲ ਸਬੰਧ ਚੰਗੇ ਹੁੰਦੇ ਤਾਂ ਵਿਦਿਆਰਥੀਆਂ ਨੂੰ ਏਨੀ ਮੁਸ਼ਕਲ ਦਾ ਸਾਹਮਣਾ ਕਰਨ ਲਈ ਮਜਬੂਰ ਨਹੀਂ ਸੀ ਹੋਣਾ | ਜੰਗ ਦੀਆਂ ਸੰਭਾਵਨਾਵਾਂ ਦੇ ਬਾਵਜੂਦ ਭਾਰਤੀ ਅੰਬੈਸੀਆਂ ਵਲੋਂ ਯੂਕਰੇਨ ਨਾਲ ਕੋਈ ਸਬੰਧ ਸਥਾਪਤ ਨਾ ਕਰਨ ਕਰ ਕੇ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ | ਉਸ ਨੇ ਦਸਿਆ ਕਿ ਪੋਲੈਂਡ ਪਹੁੰਚਣ ਮਗਰੋਂ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹਈਆ ਕਰਵਾਈ ਗਈ ਹੈ |
ਉਸ ਨੇ ਫ਼ਿਕਰ ਜ਼ਾਹਰ ਕਰਦਿਆਂ ਦਸਿਆ ਕਿ ਉਸ ਦੀ ਪੜ੍ਹਾਈ ਦੇ ਸਿਰਫ਼ ਤਿੰਨ ਮਹੀਨੇ ਬਾਕੀ ਰਹਿ ਗਏ ਸਨ | ਅੱਧ ਵਿਚਕਾਰੇ ਰਹਿ ਗਈ ਪੜ੍ਹਾਈ ਨੂੰ ਲੈ ਕੇ ਵਿਦਿਆਰਥੀ ਵਰਗ ਚਿੰਤਾ ਦੇ ਆਲਮ ਵਿਚ ਹੈ | ਇਸ ਲਈ ਸਰਕਾਰ ਨੂੰ ਇਸ ਸਬੰਧੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ |
ਫੋਟੋ ਨੰ 6ਪੀਏਟੀ. 20
ਯੂਕਰੇਨ ਤੋਂ ਘਰ ਪਹੁੰਚਿਆ ਅਜੇ ਸ਼ਰਮਾ ਅਪਣੇ ਪ੍ਰਵਾਰ ਅਤੇ ਮੁਹੱਲਾ ਵਾਸੀਆਂ ਨਾਲ |