ਬੀ.ਐਸ.ਐਫ਼ ਹੈੱਡਕੁਆਰਟਰ ਅੰਮਿ੍ਤਸਰ 'ਚ ਜਵਾਨ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ

ਏਜੰਸੀ

ਖ਼ਬਰਾਂ, ਪੰਜਾਬ

ਬੀ.ਐਸ.ਐਫ਼ ਹੈੱਡਕੁਆਰਟਰ ਅੰਮਿ੍ਤਸਰ 'ਚ ਜਵਾਨ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ

image


ਚਾਰ ਸਾਥੀਆਂ ਦਾ ਕਤਲ ਕਰ ਕੇ ਕੀਤੀ ਖ਼ੁਦਕੁਸ਼ੀ

ਅੰਮਿ੍ਤਸਰ, 6 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਅੰਮਿ੍ਤਸਰ ਦੇ ਬੀਐਸਐਫ਼ ਸੈਕਟਰ ਖਾਸਾ ਅਟਾਰੀ ਰੋਡ ਵਿਖੇ ਡਿਊਟੀ 'ਤੇ ਤਾਇਨਾਤ ਇਕ ਜਵਾਨ ਨੇ ਡਿਊਟੀ ਵੱਧ ਲਏ ਜਾਣ 'ਤੇ ਸਾਥੀ ਜਵਾਨਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ ਜਿਸ ਵਿਚ ਦੋ ਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ ਤੇ 6 ਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ  ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ | ਇਨ੍ਹਾਂ ਵਿਚੋਂ ਤਿੰਨ ਜ਼ਖ਼ਮੀਆਂ ਨੇ ਹਸਪਤਾਲ 'ਚ ਦਮ ਤੋੜ ਦਿਤਾ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ | ਜ਼ਿਕਰਯੋਗ ਹੈ ਕਿ ਗੋਲੀਆਂ ਚਲਾਉਣ ਵਾਲੇ ਬੀਐਸਐਫ਼ ਦੇ ਜਵਾਨ ਨੇ ਵੀ ਦਮ ਤੋੜ ਦਿਤਾ ਹੈ |
ਜਾਣਕਾਰੀ ਅਨੁਸਾਰ ਬੀਐਸਐਫ਼ ਦੇ ਅੰਮਿ੍ਤਸਰ ਮੁੱਖ ਦਫ਼ਤਰ ਖਾਸਾ ਅਟਾਰੀ ਰੋਡ 'ਤੇ ਸਥਿਤ ਬੀਐਸਐਫ਼ ਦੀ ਬਟਾਲੀਅਨ 144 ਵਿਖੇ ਹੈੱਡ ਕਾਂਸਟੇਬਲ ਦੀ ਡਿਊਟੀ ਨਿਭਾ ਰਹੇ ਜਵਾਨ ਸਤੁਪਾ ਮਹਾਰਾਸ਼ਟਰ ਜੋ ਕਿ ਇਥੇ ਡਿਊਟੀ 'ਤੇ ਤਾਇਨਾਤ ਸੀ, ਨੇ ਅਪਣੀ ਡਿਊਟੀ ਦੌਰਾਨ ਰਾਈਫ਼ਲ 'ਚੋਂ ਲਗਾਤਾਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਜੋ ਤਾਇਨਾਤ ਜੀਡੀ ਜਵਾਨਾਂ ਨੂੰ  ਲਗੀਆਂ | ਸਿੱਟੇ ਵਜੋਂ ਚਾਰ ਜਵਾਨਾਂ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ |

ਚਾਰ ਮਿ੍ਤਕ ਜਵਾਨਾਂ ਦੀ ਪਛਾਣ ਰਾਮ ਬਿਨੋਦ, ਤੋਰਸਕਰ ਡੀਐਸ, ਰਤਨ ਸਿੰਘ ਅਤੇ ਬਲਜਿੰਦਰ ਕੁਮਾਰ ਵਜੋਂ ਹੋਈ ਹੈ ਤੇ ਪੰਜਵਾਂ ਖ਼ੁਦ ਮੁਲਜ਼ਮ ਹੈ |
ਜਾਣਕਾਰੀ ਅਨੁਸਾਰ ਵੱਧ ਡਿਊਟੀ ਲਏ ਜਾਣ ਤੋਂ ਸਤਾਏ ਸਤੁੱਪਾ ਨੇ ਇਹ ਫ਼ੈਸਲਾ ਅੱਕ ਕੇ ਲਿਆ ਤੇ ਅਪਣੀ ਡਿਊਟੀ ਰਾਈਫ਼ਲ ਨਾਲ ਇਸ ਘਟਨਾ ਨੂੰ  ਅੰਜਾਮ ਦਿਤਾ | ਇਹ ਵੀ ਪਤਾ ਲੱਗਾ ਹੈ ਕਿ ਗੋਲੀਆਂ ਚਲਾਉਣ ਵਾਲਾ ਜਵਾਨ ਲਗਾਤਾਰ ਅਪਣੇ ਖਾਸਾ ਕੈਂਪ 'ਚ ਫ਼ਾਇਰਿੰਗ ਕਰਦਾ ਹੋਇਆ ਲੰਮਾ ਸਮਾਂ ਭਜਦਾ ਰਿਹਾ ਜਿਥੇ ਉਸ ਨੂੰ  ਇਕ ਬੀਐਸਐਫ਼ ਦੇ ਅਫ਼ਸਰ ਦੀ ਗੱਡੀ ਮਿਲੀ ਤੇ ਉਸ ਨੇ ਅਫ਼ਸਰ ਦੀ ਗੱਡੀ 'ਤੇ ਵੀ ਅੰਨ੍ਹੇਵਾਹ ਗੋਲੀਆਂ ਚਲਾਈਆਂ | ਇਸ ਨਾਲ ਅਫ਼ਸਰ ਦੀ ਜਾਨ ਵਾਲ-ਵਾਲ ਬਚ ਗਈ | ਉਪਰੰਤ ਦੋਸ਼ੀ ਜਵਾਨ ਨੇ ਬੀਐਸਐਫ਼ ਦੇ ਹੈੱਡਕੁਆਰਟਰ ਵਿਖੇ ਸਥਿਤ ਹਸਪਤਾਲ ਦੇ ਨਜ਼ਦੀਕ ਜਾ ਕੇ ਅਪਣੇ-ਆਪ ਨੂੰ  ਵੀ ਗੋਲੀਆਂ ਮਾਰ ਲਈਆਂ | ਸਿਟੇ ਵਜੋਂ ਉਹ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਜ਼ਖ਼ਮੀ ਹੋਏ ਸਾਰੇ ਬੀਐਸਐਫ਼ ਜਵਾਨਾਂ ਨੂੰ  ਇਲਾਜ ਲਈ ਸਰਕਾਰੀ ਹਸਪਤਾਲ ਅੰਮਿ੍ਤਸਰ ਵਿਖੇ ਪਹੁੰਚਾਇਆ ਗਿਆ ਹੈ |
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਦੀ ਪੁਸ਼ਟੀ ਕਰ ਦਿਤੀ ਹੈ | ਇਸ ਸਬੰਧ 'ਚ  ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਦੀਪਕ ਖਿਲੌਰੀ ਨੇ ਦਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਜ਼ਖ਼ਮੀ ਹੋਏ ਸਾਰੇ ਬੀ.ਐਸ.ਐਫ਼. ਜਵਾਨਾਂ ਨੂੰ  ਇਲਾਜ ਲਈ ਸਰਕਾਰੀ ਹਸਪਤਾਲ ਅੰਮਿ੍ਤਸਰ ਵਿਖੇ ਪਹੁੰਚਾਇਆ ਗਿਆ ਹੈ | ਇਸ ਸਬੰਧ ਬਾਕੀ ਦੀ ਸਾਰੀ ਜਾਣਕਾਰੀ ਬਹੁਤ ਜਲਦੀ ਸਾਹਮਣੇ ਆ ਜਾਵੇਗੀ |