ਮੋਦੀ ਸਰਕਾਰ ਲਗਾਤਾਰ ਪੰਜਾਬ ਦੇ ਹੱਕ ਖੋਹ ਕੇ ਲੋਕਾਂ ਨੂੰ ਭੜਕਾ ਰਹੀ ਹੈ : ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਸਰਕਾਰ ਲਗਾਤਾਰ ਪੰਜਾਬ ਦੇ ਹੱਕ ਖੋਹ ਕੇ ਲੋਕਾਂ ਨੂੰ ਭੜਕਾ ਰਹੀ ਹੈ : ਭਗਵੰਤ ਮਾਨ

image

ਚੰਡੀਗੜ੍ਹ, 6 ਮਾਰਚ (ਨਰਿੰਦਰ ਸਿੰਘ ਝਾਮਪੁਰ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਕੇਂਦਰ ਵਿਚਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਲਗਾਤਾਰ  ਪੰਜਾਬ ਵਿਰੋਧੀ ਫ਼ੈਸਲੇ ਲਾਗੂ ਕਰ ਕੇ ਸੂਬੇ ਦੇ ਲੋਕਾਂ ਨੂੰ  ਉਕਸਾਉਣ ਅਤੇ ਭੜਕਾਉਣ ਦੇ ਯਤਨ ਕਰ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਕਾਰੋਬਾਰੀ ਅਦਾਰੇ 'ਚੰਡੀਗੜ੍ਹ ਇੰਡਸਟਰੀਅਲ ਤੇ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ' (ਸਿਟਕੋ) ਦੇ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਵੀ ਪੰਜਾਬ ਕੋਲੋਂ ਖੋਹ ਕੇ ਪੇਸ਼ ਕੀਤੀ ਗਈ ਹੈ |
ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  ਅਪੀਲ ਕੀਤੀ ਕਿ ਉਹ ਪੰਜਾਬ ਵਿਰੋਧੀ ਫ਼ੈਸਲੇ ਲਾਗੂ ਕਰਨਾ ਬੰਦ ਕਰਨ ਅਤੇ ਪੰਜਾਬ ਦੇ ਲੋਕਾਂ ਨੂੰ  ਭੜਕਾਉਣ ਦੇ ਯਤਨਾਂ ਤੋਂ ਗੁਰੇਜ਼ ਕਰਨ ਕਿਉਂਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਅਤੇ ਲੋਕਾਂ ਨੇ ਲੰਮਾ ਸਮਾਂ ਵਧੀਕੀਆਂ ਦਾ ਸੰਤਾਪ ਹੰਢਾਇਆ ਹੈ | ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਪਰਦੇ 'ਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਲਗਾਤਾਰ ਪੰਜਾਬ ਵਿਰੋਧੀ ਫ਼ੈਸਲੇ ਲਾਗੂ ਕੀਤੇ ਹਨ ਜਿਸ ਕਾਰਨ ਪੰਜਾਬੀਆਂ ਵਿਚ ਮੋਦੀ ਸਰਕਾਰ ਵਿਰੁਧ ਅਸੰਤੋਸ਼ ਪੈਦਾ ਹੋ ਰਿਹਾ ਹੈ | ਭਗਵੰਤ ਮਾਨ ਨੇ ਕਿਹਾ, ''ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੀ ਧਰਤੀ 'ਤੇ ਬਣੇ ਭਾਖੜਾ ਬਿਆਸ ਡੈਮ ਅਤੇ ਰਾਜਧਾਨੀ ਚੰਗੀਗੜ੍ਹ ਵਿਚੋਂ ਸੂਬੇ ਦੀ ਹਿੱਸੇਦਾਰੀ ਅਤੇ ਦਾਅਵੇਦਾਰੀ ਖ਼ਤਮ ਕਰ ਰਹੀ ਹੈ | ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ.ਬੀ.ਐਮ.ਬੀ)  ਵਿਚੋਂ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਨ ਅਤੇ ਡੈਮਾਂ ਦੀ ਸੁਰੱਖਿਆ ਤੋਂ ਪੰਜਾਬ ਪੁਲਿਸ ਨੂੰ  ਹਟਾਉਣ ਤੋਂ ਬਾਅਦ ਹੁਣ ਮੋਦੀ ਸਰਕਾਰ ਨੇ 'ਚੰਡੀਗੜ੍ਹ ਇੰਡਸਟਰੀਅਲ ਤੇ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ' (ਸਿਟਕੋ) ਦੇ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਵੀ ਪੰਜਾਬ ਕੋਲੋਂ ਖੋਹ ਲਿਆ ਹੈ, ਜਦੋਂ ਕਿ ਕੁੱਝ ਦਿਨ ਪਹਿਲਾਂ ਹੀ ਪੰਜਾਬ ਦੇ ਕਰੀਬ 112 ਡਾਕਟਰਾਂ ਨੂੰ  ਚੰਡੀਗੜ੍ਹ ਦੇ ਸਿਹਤ ਵਿਭਾਗ ਵਿਚੋਂ ਬਾਹਰ ਕੱਢ ਦਿਤਾ ਗਿਆ ਸੀ |''
ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਪੁਨਰਗਠਨ ਐਕਟ ਤਹਿਤ ਚੰਡੀਗੜ੍ਹ ਵਿਚ ਹਰ ਤਰ੍ਹਾਂ ਦੀਆਂ ਸੇਵਾਵਾਂ ਅਤੇ ਪ੍ਰਬੰਧਨ ਵਿਚ ਪੰਜਾਬ ਦਾ 60 ਫ਼ੀ ਸਦੀ ਹਿੱਸਾ ਰਾਖਵਾਂ ਕੀਤਾ ਗਿਆ ਸੀ ਜਿਸ ਤਹਿਤ ਚੰਡੀਗੜ੍ਹ ਦੇ ਅਫ਼ਸਰਾਂ, ਪੁਲਿਸ, ਸਕੂਲਾਂ, ਹਸਪਤਾਲਾਂ ਅਤੇ ਹੋਰ ਸੇਵਾਵਾਂ ਵਿਚ ਪੰਜਾਬ ਤੋਂ ਆਈ.ਏ.ਐਸ, ਆਈ.ਪੀ.ਐਸ, ਪੁਲਿਸ ਮੁਲਾਜ਼ਮ, ਅਧਿਆਪਕ, ਡਾਕਟਰ ਅਤੇ ਹੋਰ ਮੁਲਾਜ਼ਮ ਡੈਪੂਟੇਸ਼ਨ 'ਤੇ ਲਏ ਜਾਂਦੇ ਸਨ | ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਪੰਜਾਬ ਵਿਚੋਂ ਲਏ ਜਾਂਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਡੈਪੂਟੇਸ਼ਨ ਜ਼ਬਰਦਸਤੀ ਖ਼ਤਮ ਕਰ ਰਹੀ ਹੈ | ਇਸੇ ਲਈ ਮੋਦੀ ਸਰਕਾਰ ਨੇ ਸਿਟਕੋ ਦੇ ਐਮ.ਡੀ ਦੇ ਅਹੁਦੇ 'ਤੇ ਨਿਯੁਕਤ ਪੰਜਾਬ ਕੇਡਰ ਦੀ ਅਧਿਕਾਰੀ ਜਸਵਿੰਦਰ ਕੌਰ ਨੂੰ  ਹਟਾ ਕੇ ਕੇਂਦਰੀ ਕੇਡਰ ਦੀ ਅਧਿਕਾਰੀ ਪੂਰਵਾ ਗਰਗ ਨੂੰ  ਨਿਯੁਕਤ ਕਰ ਦਿਤਾ ਹੈ ਜੋ ਸਰਾਸਰ ਪੰਜਾਬ ਨਾਲ ਧੱਕਾ ਅਤੇ ਵਧੀਕੀ ਹੈ |