ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਤੇ ਜੇਲੇਂਸਕੀ ਨਾਲ ਫ਼ੋਨ ’ਤੇ ਕੀਤੀ ਗੱਲ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਤੇ ਜੇਲੇਂਸਕੀ ਨਾਲ ਫ਼ੋਨ ’ਤੇ ਕੀਤੀ ਗੱਲ

image

ਪੁਤਿਨ ਨੂੰ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨਾਲ ਸਿੱਧੀ ਗੱਲ 

ਨਵੀਂ ਦਿੱਲੀ, 7 ਮਾਰਚ : ਰੂਸ-ਯੂਕਰੇਨ ਜੰਗ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ ’ਤੇ ਗੱਲ ਕੀਤੀ। ਇਹ ਫ਼ੋਨ ਕਾਲ ਤਕਰੀਬਨ 50 ਮਿੰਟ ਤਕ ਚਲੀ। ਪੁਤਿਨ ਨੇ ਯੂਕਰੇਨੀ ਅਤੇ ਰੂਸੀ ਟੀਮਾਂ ਵਿਚਾਲੇ ਗੱਲਬਾਤ ਦੀ ਸਥਿਤੀ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਣਕਾਰੀ ਦਿਤੀ। ਇਹ ਜਾਣਕਾਰੀ ਭਾਰਤ ਸਰਕਾਰ ਦੇ ਸੂਤਰਾਂ ਵਲੋਂ ਦਿਤੀ ਗਈ।
  ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਪੁਤਿਨ ਨੂੰ ਸਲਾਹ ਦਿਤੀ ਕਿ ਉਹ ਦੋਹਾਂ ਵਫ਼ਦਾਂ ਵਿਚਾਲੇ ਚੱਲ ਰਹੀ ਗੱਲਬਾਤ ਤੋਂ ਇਲਾਵਾ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨਾਲ ਸਿੱਧੀ ਗੱਲਬਾਤ ਕਰਨ। ਪੁਤਿਨ ਅਤੇ ਮੋਦੀ ਵਿਚਾਲੇ ਗੱਲਬਾਤ ਅਜਿਹੇ ਸਮੇਂ ਵਿਚ ਹੋਈ ਹੈ, ਜਦੋਂ ਰੂਸ ਨੇ ਨਾਗਰਿਕਾਂ ਦੀ ਨਿਕਾਸੀ ਲਈ ਸੋਮਵਾਰ ਸਵੇਰ ਤੋਂ ਜੰਗਬੰਦੀ ਦੇ ਨਾਲ ਹੀ ਕਈ ਮਨੁੱਖੀ ਲਾਂਘੇ ਖੋਲ੍ਹਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸੂਮੀ ਸਮੇਤ ਯੂਕਰੇਨ ਦੇ ਕੁਝ ਹਿਸਿਆਂ ’ਚ ਜੰਗਬੰਦੀ ਅਤੇ ਮਨੁੱਖੀ ਲਾਂਘੇ ਖੋਲ੍ਹਣ ਸਬੰਧੀ ਰੂਸ ਦੇ ਐਲਾਨ ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਸੂਮੀ ਤੋਂ ਭਾਰਤੀ ਨਾਗਰਿਕਾਂ ਨੂੰ ਛੇਤੀ ਤੋਂ ਛੇਤੀ ਸੁਰੱਖਿਅਤ ਕੱਢਣ ਦੇ ਮਹੱਤਵ ’ਤੇ ਜ਼ੋਰ ਦਿਤਾ। ਉਧਰ ਰਾਸ਼ਟਰਪਤੀ ਪੁਤਿਨ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤੀਆਂ ਦੀ ਸੁਰੱਖਿਅਤ ਨਿਕਾਸੀ ’ਚ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਤਾ ਹੈ।
  ਸੂਤਰਾਂ ਨੇ ਦਸਿਆ,‘‘ਦੋਹਾਂ ਆਗੂਆਂ ਨੇ ਯੂਕਰੇਨ ਵਿਚ ਪੈਦਾ ਹੋ ਰਹੇ ਨਵੇਂ ਹਾਲਾਤ ’ਚ ਚਰਚਾ ਕੀਤੀ। ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਯੂਕਰੇਨ ਅਤੇ ਰੂਸ ਦੇ ਦਲਾਂ ਵਿਚਾਲੇ ਜਾਰੀ ਵਾਰਤਾ ਦੀ ਸਥਿਤੀ ਤੋਂ ਜਾਣੂ ਕਰਵਾਇਆ। ਜੰਗ ਵਿਚਾਲੇ ਮੋਦੀ ਤੇ ਪੁਤਿਨ ਵਿਚਾਲੇ ਇਹ ਤੀਜੀ ਵਾਰਤਾ ਸੀ।    
  ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨਾਲ ਵੀ ਸੋਮਵਾਰ ਸਵੇਰੇ ਗੱਲਬਾਤ ਕੀਤੀ। ਇਹ ਗੱਲਬਾਤ ਕਰੀਬ 35 ਮਿੰਟ ਚਲੀ, ਜਿਸ ਦੌਰਾਨ ਮੋਦੀ ਨੇ ਯੁੱਧਗ੍ਰਸਤ ਦੇਸ਼ ਦੇ ਪੂਰਬੀ ਇਲਾਕੇ ਦੇ ਸ਼ਹਿਰ ਸੂਮੀ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਣ ਵਿਚ ਉਨ੍ਹਾਂ ਤੋਂ ਮਦਦ ਦੀ ਅਪੀਲ ਕੀਤੀ। ਜੰਗ ਵਿਚਾਲੇ ਯੂਕਰੇਨ ਦੇ ਸੂਮੀ ਵਿਚ ਹਾਲੇ ਵੀ 700 ਦੇ ਕਰੀਬ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਜੰਗ ਦੌਰਾਨ ਦੋਹਾਂ ਆਗੂਆਂ ਵਿਚਲੇ ਇਹ ਦੂਜੀ ਗੱਲਬਾਤ ਹੈ। ਪ੍ਰਧਾਨ ਮੰਤਰੀ ਮੋਦੀ ਨੇ ਰੂਸ ਅਤੇ ਯੂਕਰੇਨ ਵਿਚਾਲੇ ਸਿੱਧੀ ਵਾਰਤਾ ਦੀ ਸ਼ਲਾਘਾ ਕੀਤੀ। ਨਾਲ ਹੀ ਮੋਦੀ ਨੇ ਯੂਕਰੇਨ ’ਚੋਂ ਭਾਰਤੀਆਂ ਨੂੰ ਕੱਢਣ ਵਿਚ ਯੂਕਰੇਨ ਸਰਕਾਰ ਵਲੋਂ ਕੀਤੀ ਗਈ ਮਦਦ ਲਈ ਜੇਲੇਂਸਕੀ ਦਾ ਧਨਵਾਦ ਕੀਤਾ। ਭਾਰਤ ਨੇ ਰੂਸ ਅਤੇ ਯੂਕਰੇਨ ਦੇ ਸਿਖਰਲੇ ਆਗੂਆਂ ਨੂੰ ਜੰਗ ਤੁਰਤ ਖ਼ਤਮ ਕਰਨ, ਗੱਲਬਾਤ ਅਤੇ ਕੂਟਨੀਤਕ ਤਰੀਕੇ ਰਾਹੀਂ ਮਤਭੇਦ ਦੂਰ ਕਰਨ ਦੀ ਅਪੀਲ ਕੀਤੀ। (ਪੀਟੀਆਈ)