ਪੰਜਾਬ ਦੀ ਵਧੀਆ ਕਣਕ ਦੇ ਅਫ਼ਗ਼ਾਨਿਸਤਾਨ 'ਚ ਚਰਚੇ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੀ ਵਧੀਆ ਕਣਕ ਦੇ ਅਫ਼ਗ਼ਾਨਿਸਤਾਨ 'ਚ ਚਰਚੇ

image


ਕੁਲ 50,000 ਟਨ 'ਚੋਂ 4500 ਟਨ ਭੇਜ ਦਿਤੀ, ਬਾਕੀ 8 14, 20 ਮਾਰਚ ਨੂੰ  ਜਾਏਗੀ

ਚੰਡੀਗੜ੍ਹ, 6 ਮਾਰਚ (ਜੀ.ਸੀ. ਭਾਰਦਵਾਜ) : ਅੰਤਰਰਾਸ਼ਟਰੀ ਸਮਝੌਤੇ ਤਹਿਤ ਕੇਂਦਰ ਸਰਕਾਰ ਨੇ ਅਫ਼ਗ਼ਾਨਿਸਤਾਨ ਨੂੰ  ਜਿਹੜੀ 50,000 ਅਨ ਵਧੀਆ ਕਣਕ ਪੰਜਾਬ ਦੇ ਅੰਮਿ੍ਤਸਰ ਸਟੋਰਾਂ ਵਿਚੋਂ 22 ਫ਼ਰਵਰੀ ਤੋਂ ਭੇਜਣੀ ਸ਼ੁਰੂ ਕੀਤੀ ਹੈ, ਉਸ ਦੀ ਗੁਣਵੱਤਾ ਦੇ ਚਰਚੇ ਨਾ ਸਿਰਫ਼ ਤਾਲਿਬਾਨ ਸਰਕਾਰ ਜਾਂ ਲੋਕਾਂ ਵਲੋਂ ਹੀ ਕੀਤੇ ਜਾ ਰਹੇ ਹਨ ਬਲਕਿ ਪਾਕਿਸਤਾਨੀ ਪੰਜਾਬ ਵਿਚ ਵੀ ਹੋ ਰਹੇ ਹਨ |
ਅਨਾਜ ਸਪਲਾਈ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨੂੰ  ਦਸਿਆ ਕਿ 40,000 ਬੋਰੀਆਂ ਕਣਕ ਦੀ ਪਹਿਲੀ ਖੇਪ, ਵੱਡੇ ਵੱਡੇ ਟਰੱਕਾਂ ਰਾਹੀਂ ਪਾਕਿਸਤਾਨ ਰਸਤੇ 22 ਫ਼ਰਵਰੀ ਅਤੇ ਫਿਰ 2 ਮਾਰਚ ਨੂੰ  50,000 ਬੋਰੀਆਂ ਲੱਦੇ ਟਰੱਕ, ਅਟਾਰੀ ਰਸਤੇ ਭੇਜੇ ਗਏ | ਸੀਨੀਅਰ ਅਧਿਕਾਰੀ ਨੇ ਦਸਿਆ ਕਿ ਤੀਜੀ ਖੇਪ 8 ਮਾਰਚ, ਫਿਰ 14 ਮਾਰਚ ਤੇ ਮਗਰੋਂ 20 ਨੂੰ  ਅਫ਼ਗ਼ਾਨਿਸਤਾਨ ਦੇ ਵੱਡੇ ਟਰੱਕਾਂ ਵਿਚ ਲੱਦ ਕੇ ਭੇਜੀ ਜਾ ਰਹੀ ਹੈ | ਇਸ ਅਧਿਕਾਰੀ ਦਾ ਕਹਿਣਾ ਹੈ ਕਿ ਮਦਦ ਦੇ ਤੌਰ 'ਤੇ ਅਫ਼ਗ਼ਾਨਿਸਤਾਨ ਵਿਚ ਭੇਜੀ ਜਾ ਰਹੀ ਇਹ ਕਣਕ ਏ ਗਰੇਡ ਦੀ ਹੈ | ਕੁਲ 50,000 ਟਨ ਯਾਨੀ 10 ਲੱਖ ਬੋਰੀਆਂ ਕਣਕ, ਲਗਾਤਾਰ ਅਪ੍ਰੈਲ ਮਈ ਵਿਚ ਅੰਮਿ੍ਤਸਰ ਦੇ ਸਟੋਰਾਂ ਵਿਚ ਭੇਜੀ ਜਾਂਦੀ ਰਹੇਗੀ |
ਇਸ ਹਾੜ੍ਹੀ ਦੇ ਸੀਜ਼ਨ ਵਿਚ 1 ਅਪ੍ਰੈਲ ਤੋਂ ਕਣਕ ਦੀ ਨਵੀਂ ਖ਼ਰੀਦ ਦੇ ਪ੍ਰਬੰਧ ਬਾਰੇ ਅਨਾਜ ਸਪਲਾਈ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੰਗੀ ਪੱਧਰ 'ਤੇ ਕੀਤੇ ਜਾ ਰਹੇ ਪ੍ਰਬੰਧਾਂ ਵਿਚ 132 ਲੱਖ ਟਨ ਦੀ ਕੁਲ ਖ਼ਰੀਦ ਵਾਸਤੇ ਜ਼ਿਲ੍ਹਾ ਪੱਧਰ 'ਤੇ ਮੰਡੀਆਂ ਅਤੇ ਆਰਜ਼ੀ ਖ਼ਰੀਦ ਕੇਂਦਰ ਕੁਲ 1873 ਮੰਡੀਆਂ, ਮੰਡੀ ਬੋਰਡ ਤੋਂ ਇਲਾਵਾ 350 ਆਰਜ਼ੀ ਕੇਂਦਰ ਬਣਾ ਦਿਤੇ ਹਨ | ਕੁਲ 4,30,000 ਗੰਢਾਂ ਵਿਚੋਂ 2.15 ਲੱਖ ਗੰਢਾਂ ਪੰਜਾਬ ਪਹੁੰਚ ਗਈਆਂ ਹਨ ਬਾਕੀ ਕਲਕੱਤਾ ਤੋਂ ਰੇਲ ਰਾਹੀਂ ਥਾਉਂ ਥਾਂਈ ਪਹੁੰਚਾਈਆਂ ਜਾ ਰਹੀਆਂ ਹਨ | ਇਕ ਵੱਡੀ ਗੰਢ ਵਿਚ 500 ਬੋਰੀ ਹੁੰਦੀ ਹੈ | ਅਧਿਕਾਰੀ ਦਾ ਕਹਿਣਾ ਹੈ ਕਿ 50,000 ਬੋਰੀਆਂ ਪਿਛਲੇ ਸਾਲ ਵਾਲੀਆਂ ਵਰਤੀਆਂ ਜਾ ਰਹੀਆਂ ਹਨ |
ਦੋ ਦਿਨ ਪਹਿਲਾਂ ਮੁੱਖ ਸਕੱਤਰ ਅਨਿਰੁਧ ਤਿਵਾੜੀ ਦੀ ਪ੍ਰਧਾਨਗੀ ਹੇਠ ਸਿਵਲ ਸਕੱਤਰੇਤ ਵਿਚ ਸਬੰਧਤ ਮਹਿਕਮਿਆਂ ਦੇ ਸੀਨੀਅਰ ਅਧਿਕਾਰੀਆਂ ਦੀ ਵੱਡੀ ਬੈਠਕ ਹੋਈ ਸੀ ਜਿਸ ਵਿਚ ਪੰਜਾਬ ਦੀ 4 ਵੱਡੀਆਂ ਸਰਕਾਰੀ ਏਜੰਸੀਆਂ ਪਨਗਰੇਨ 25.5 ਲੱਖ ਟਨ, ਪਨਸਪ 23.5, ਮਾਰਕਫ਼ੈਡ 24 ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ 14.4 ਲੱਖ ਟਨ ਕਣਕ ਖ਼ਰੀਦਣ ਦੇ ਪ੍ਰਬੰਧਾਂ ਦਾ ਵੇਰਵਾ ਦਿਤਾ ਸੀ | ਕੇਂਦਰ ਦੀ ਐਫ਼.ਸੀ.ਆਈ. ਨੇ ਕੇਵਲ 12 ਲੱਖ ਟਨ ਕਣਕ ਖ਼ਰੀਦਣ ਦੀ ਹਾਮੀ ਭਰੀ ਹੈ | ਜ਼ਿਕਰਯੋਗ ਹੈ ਕਿ ਘੱਟੋ ਘੱਟ ਸਮਰਥਨ ਮੁਲ ਇਸ ਵਾਰ 40 ਰੁਪਏ ਪ੍ਰਤੀ ਕੁਇੰਟਲ ਵਧਾ ਕੇ ਰੇਟ 2015 ਰੁਪਏ ਪ੍ਰਤੀ ਕੁਇੰਟਲ, ਕੇਂਦਰ ਸਰਕਾਰ ਨੇ ਕੀਤਾ ਹੈ ਅਤੇ 29400 ਕਰੋੜ ਦੀ ਕੈਸ਼ ਕੈ੍ਰਡਿਟ ਲਿਮਟ ਜਾਰੀ ਕਰਨ ਵਾਸਤੇ ਪੰਜਾਬ ਦੇ ਵਿੱਤ ਵਿਭਾਗ ਨੇ ਰਿਜ਼ਰਵ ਬੈਂਕ ਨੂੰ  ਲਿਖ ਦਿਤਾ ਹੈ |
ਇਹ ਰਕਮ ਕਿਸਾਨਾਂ ਦੀ ਫ਼ਸਲ ਵਾਸਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਆਨਲਾਈਨ ਜਮ੍ਹਾਂ ਕਰਨ ਲਈ ਵਰਤੀ ਜਾਵੇਗੀ ਅਤੇ ਕੁੱਝ ਰਕਮ ਜੀ.ਐਸ.ਟੀ., ਹੋਰ ਟੈਕਸ ਅਤੇ ਟਰੱਕਾਂ ਰਾਹੀਂ ਢੋਆ ਢੁਆਈ ਵਾਸਤੇ ਖ਼ਰਚ ਕੀਤੀ ਜਾਂਦੀ ਹੈ | ਪਿਛਲੇ ਸਾਲ ਦੇ ਰੀਕਾਰਡ ਮੁਤਾਬਕ ਕੇਂਦਰ ਸਰਕਾਰ ਨੇ ਐਤਕੀਂ ਹਦਾਇਤ ਕੀਤੀ ਹੈ ਕਿ ਕਣਕ ਦੀ ਖ਼ਰੀਦ ਦਾ ਟੀਚਾ, ਹਰ ਜ਼ਿਲ੍ਹੇ ਨੂੰ  ਪੂਰਾ ਕਰਨ ਲਈ ਦਿਤਾ ਜਾਵੇ ਅਤੇ ਪਿਛਲੇ ਸਾਲ ਦੇ ਅੰਕੜਿਆਂ ਤਕ ਹੀ ਖ਼ਰੀਦ ਹੋਵੇ, ਬਾਹਰੋਂ ਆਈ ਕਣਕ 'ਤੇ ਮੁਕੰਮਲ ਬੰਦਸ਼ ਲਾਗੂ ਕੀਤੀ ਜਾਵੇ | ਉਂਜ ਤਾਂ ਕੇਂਦਰ ਨੇ 132 ਲੱਖ ਟਨ ਖ਼ਰੀਦ ਦੀ ਹੀ ਆਗਿਆ ਦਿਤੀ ਹੈ ਪਰ ਪੰਜਾਬ ਸਰਕਾਰ ਨੇ 135 ਲੱਖ ਟਨ ਖ਼ਰੀਦ ਕਰਨ ਦੇ ਪ੍ਰਬੰਧ ਕੀਤੇ ਹਨ |