ਯੂਕਰੇਨ ਵਿਚ ਫਸੇ ਮਲੋਟ ਦੇ ਦੋ ਵਿਦਿਆਰਥੀ ਅਪਣੇ ਘਰ ਪਹੁੰਚੇ
ਯੂਕਰੇਨ ਵਿਚ ਫਸੇ ਮਲੋਟ ਦੇ ਦੋ ਵਿਦਿਆਰਥੀ ਅਪਣੇ ਘਰ ਪਹੁੰਚੇ
ਮਲੋਟ, 6 ਮਾਰਚ (ਗੁਰਮੀਤ ਸਿੰਘ ਮੱਕੜ): ਯੂਕਰੇਨ ਅਤੇ ਰੂਸ ਵਿਚਕਾਰ ਚਲ ਰਹੀ ਜੰਗ ਕਾਰਨ ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵਲੋਂ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਮਲੋਟ ਦੇ ਵਿਦਿਆਰਥੀ ਵਾਪਸ ਅਪਣੇ ਘਰ ਪਹੁੰਚੇ ਹਨ | ਘਰ ਪਹੁੰਚਣ 'ਤੇ ਪ੍ਰਵਾਰਕ ਜੀਆਂ ਵਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਪਟਾਕੇ ਚਲਾ ਕੇ ਅਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦੇ ਹੋਏ ਵਿਦਿਆਰਥੀਆਂ ਨੇ ਦਸਿਆ ਕਿ ਉਹ ਸਹੀ ਸਮੇਂ 'ਤੇ ਭਾਰਤ ਵਾਪਸ ਪਰਤੇ ਹਨ ਕਿਉਂਕਿ ਯੂਕਰੇਨ ਵਿਚ ਹਾਲ ਬਹੁਤ ਹੀ ਮਾੜਾ ਹੋ ਚੁੱਕਾ ਹੈ | ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਏਰੀਏ ਵਿਚ ਲਗਭਗ 9 ਹਜ਼ਾਰ ਦੇ ਕਰੀਬ ਭਾਰਤੀ ਵਿਦਿਆਰਥੀ ਸਨ, ਜਿਨ੍ਹਾਂ ਵਿਚੋਂ 2 ਹਜ਼ਾਰ ਦੇ ਕਰੀਬ ਉਥੇ ਹੀ ਫਸੇ ਹੋਏ ਹਨ |
ਉਨ੍ਹਾਂ ਦਸਿਆ ਕਿ ਯੂਕਰੇਨ ਵਿਚ ਉਨ੍ਹਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪ੍ਰੰਤੂ ਜਦੋਂ ਉਹ ਯੂਕਰੇਨ ਦਾ ਬਾਰਡਰ ਪਾਰ ਕਰ ਕੇ ਆਏ ਤਾਂ ਭਾਰਤ ਸਰਕਾਰ ਨੇ ਉਨ੍ਹਾਂ ਲਈ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਸੀ ਜਿਸ ਦੇ ਚਲਦਿਆਂ ਉਹ ਅੱਜ ਅਪਣੇ ਘਰ ਪਹੁੰਚੇ ਹਨ |