ਜਦੋਂ ਚੱਲਦੇ ਸੈਸ਼ਨ ‘ਚ ਸਪੀਕਰ ਨੇ ਕੁਲਦੀਪ ਧਾਲੀਵਾਲ ਨੂੰ ਪੁੱਛ ਲਿਆ ਕਿ ਜ਼ਮੀਨੀ ਕਬਜ਼ਿਆਂ ‘ਤੇ ਕਦੋਂ ਕਰੋਗੇ ਕਾਰਵਾਈ, ਸਮਾਂ ਦੱਸੋਂ ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਲਦੀਪ ਸਿੰਘ ਧਾਲੀਵਾਲ ਨੇ ਬੁੱਧ ਰਾਮ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੇ ਉੱਤਰਾਂਗੇ

photo

 

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਕਾਰਵਾਈ ਜਾਰੀ ਹੈ। ਇਕ ਤੋਂ ਬਾਅਦ ਇਕ 'ਆਪ' ਵਿਧਾਇਕ ਆਪਣੇ ਹਲਕਿਆਂ ਦੀਆਂ ਸਮੱਸਿਆਵਾਂ ਦੱਸ ਰਹੇ ਹਨ ਅਤੇ ਉਨ੍ਹਾਂ ਦੇ ਹੱਲ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਸਬੰਧਤ ਮੰਤਰੀ ਵਿਧਾਇਕਾਂ ਦੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਆ ਰਹੀਆਂ ਕਾਨੂੰਨੀ ਅੜਚਣਾਂ ਅਤੇ ਜਲਦੀ ਹੱਲ ਅਤੇ ਯੋਜਨਾਵਾਂ ਬਾਰੇ ਦੱਸ ਰਹੇ ਹਨ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਹੋਰ ਵਿਧਾਇਕਾਂ ਨੇ ਜ਼ਮੀਨੀ ਕਬਜ਼ੇ ਛੁਡਵਾਉਣ ਬਾਰੇ ਸਵਾਲ ਕੀਤੇ ਹਨ।

ਕੁਲਤਾਰ ਸੰਧਵਾਂ ਨੇ ਸਪੀਕਰ ਤੇ ਵਿਧਾਇਕਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਨੂੰਨ ਅਨੁਸਾਰ ਸਾਨੂੰ ਕੋਈ ਹੱਕ ਨਹੀਂ ਕਿ ਅਸੀਂ ਕਿਸੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੀਏ। ਪਰ ਜੇ ਇਲਾਕੇ ਦੇ ਲੋਕ ਤੇ ਉੱਥੋਂ ਦੀ ਪੰਚਾਇਤ ਸਾਡਾ ਸਹਿਯੋਗ ਕਰਨ ਤਾਂ ਅਸੀਂ ਉਥੇ ਨਾਜਾਇਜ਼ ਕਬਜ਼ਾ ਛੁ਼ਡਵਾ ਲਵਾਂਗੇ। ਲਿੰਕ ਸੜਕਾਂ ਸਾਰੀਆਂ ਪੰਚਾਇਤਾਂ ਦੇ ਅਧੀਨ ਹਨ ਕਿਉਂਕਿ ਇਹਨਾਂ ਲਈ ਪੰਚਾਇਤਾਂ ਜਗ੍ਹਾਂ ਦਿੰਦੀਆਂ ਹਨ। ਜਿੱਥੇ ਪਿੰਡ ਦੇ ਲੋਕ ਸਹਿਯੋਗ ਦਿੰਦੇ ਹਨ ਉੱਥੇ ਅਸੀਂ ਆਪਣੀ ਕਾਰਵਾਈ ਪੂਰੀ ਕਰ ਦਿੰਦੇ ਹਨ।

ਕੁਲਦੀਪ ਸਿੰਘ ਧਾਲੀਵਾਲ ਨੇ ਸੀਐੱਮ ਮਾਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਲੋਕਾਂ ਲਈ ਕੋਈ ਨਵਾਂ ਕਾਨੂੰਨ ਲੈ ਕੇ ਆਈਏ ਜਿਹੜੇ ਸੜਕਾਂ ਕੱਟ ਲੈਂਦੇ ਹਨ ਤੇ ਸੜਕਾਂ ਉੱਤੇ ਰੂੜੀ ਲਗਾ ਲੈਂਦੇ ਹਨ ਤੇ ਲੋਕਾਂ ਦਾ ਲੰਘਣਾ ਔਖਾ ਹੋ ਜਾਂਦਾ ਹੈ। ਅਜਿਹਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੀ ਪ੍ਰਕਿਰਿਆ ਬਣਾਉਣੀ ਚਾਹੀਦੀ ਹੈ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਜਲਦੀ ਹੀ ਲੋਕਾਂ ਤੋਂ ਦੇਹਦਾਰ ਕਬਜ਼ੇ ਛੁਡਵਾਏ ਜਾਣਗੇ।  

ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ 2002-03 ਦੀ ਗੱਲ ਹੈ ਜਦੋਂ ਮੈਂ ਸਰਪੰਚ ਸੀ ਉਦੋਂ ਡਿਪਟੀ ਕਮੀਸ਼ਨਰ ਨੇ ਪਹਿਲ ਕਰਕੇ ਥੋੜ੍ਹੇ ਦਿਨਾਂ ਵਿਚ ਇਹ ਕਬਜ਼ੇ ਛੁਡਵਾ ਦਿੱਤੇ। ਤੁਸੀਂ ਇਸ ਨੂੰ ਵਾਚਿਓ ਕਿ ਅਜਿਹਾ ਹੋ ਸਕਦਾ ਹੈ। ਲੋਕ ਅਜਿਹੇ ਕੰਮਾਂ ਵਿਚ ਤਾਂ ਸਹਿਯੋਗ ਦਿੰਦੇ ਹਨ। ਤੁਸੀਂ ਤਾਂ ਮੰਤਰੀ ਹੋ ਇਹ ਕੰਮ ਜਲਦੀ ਹੋ ਸਕਦੇ ਹਨ। 

‘ਆਪ’ ਦੇ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਮਾਨਸਾ ਡੀਸੀ ਜੋ ਹੁਣ ਰਿਟਾਇਰ ਹੋ ਚੁੱਕੇ ਹਨ ਉਨ੍ਹਾਂ ਨੇ ਹਦਾਇਤ ਕੀਤੀ ਸੀ ਕਿ ਹਾੜੀ ਤੋਂ ਬਾਅਦ ਤੁਸੀਂ ਅਗਰ 15 ਦਿਨਾਂ ਦੇ ਅੰਦਰ-ਅੰਦਰ ਮਿੱਟੀ ਪਾ ਕੇ ਸੜਕ ਨੂੰ ਚੌੜਾ ਨਾ ਕੀਤਾ ਤਾਂ ਉਸ ਤੋਂ ਬਾਅਦ ਅਸੀਂ ਆਪ ਮਿੱਟੀ ਪਾ ਕੇ ਕਰਾਂਗੇ ਤੇ ਪੈਸੇ ਤੁਹਾਡੇ ਕੋਲੋਂ ਲਵਾਂਗੇ। ਤਾਂ ਇਕ ਮਹੀਨੇ ਦੇ ਵਿਚ-ਵਿਚ ਕਿਸਾਨਾਂ ਨੇ ਸਾਰੇ ਬਰਮ ਪਾ ਦਿੱਤੇ ਸਨ। ਸੜਕ ਤੋਂ ਬੱਸਾਂ ਕਰਾਸ ਕਰਦਿਆਂ ਵੀ ਕਈ ਹਾਦਸੇ ਵਾਪਰੇ ਸਨ। ਇਹ ਬਹੁਤ ਵੱਡਾ ਮਸਲਾ ਹੈ ਤੇ ਜੇ ਇਹ ਮਸਲਾ ਹੱਲ ਕੁਲਦੀਪ ਧਾਲੀਵਾਲ ਨਹੀਂ ਕਰ ਸਕਦੇ ਤਾਂ ਸਮਝੋ ਕੋਈ ਨਹੀਂ ਕਰ ਸਕਦਾ। ਡੀਸੀ ਨੂੰ ਸਖ਼ਤ ਹਦਾਇਤ ਕੀਤੀ ਜਾਵੇ। 

ਕੁਲਦੀਪ ਸਿੰਘ ਧਾਲੀਵਾਲ ਨੇ ਬੁੱਧ ਰਾਮ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੇ ਉੱਤਰਾਂਗੇ। ਜਿਸ ਮੁੱਖ ਮੰਤਰੀ ਨਾਲ ਅਸੀਂ ਕੰਮ ਕਰਦੇ ਹਾਂ ਉਸ ਤੋਂ ਵੀ ਪੰਜਾਬ ਦੇ ਲੋਕਾਂ ਨੂੰ ਬਹੁਤ ਉਮੀਦਾਂ ਹਨ। ਉਨ੍ਹਾਂ ਹਾਊਸ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਜਲਦੀ ਹੀ ਪੰਜਾਬ ਦੇ ਕੁੱਝ ਹਿੱਸਿਆਂ ਵਿਚ ਤੁਹਾਨੂੰ ਕਾਰਵਾਈ ਹੁੰਦੀ ਦੇਖਣ ਨੂੰ ਮਿਲੇਗੀ। 

ਮਨਪ੍ਰੀਤ ਇਯਾਲੀ ਨੇ ਕਿਹਾ ਕਿ ਸੜਕਾਂ ਉੱਤੇ ਬੁਰਜ਼ੀਆਂ ਲਗਾਈਆਂ ਜਾਣ। ਜ਼ਿਆਦਾਤਰ ਸੜਕਾਂ ਪੀਡਬਲਿਊਡੀ ਜਾਂ ਮੰਡੀਬੋਰਡ ਦੀਆਂ ਹਨ। ਕਿਉਂਕਿ ਇਸ ਨਾਲ ਪਤਾ ਲੱਗਦਾ ਰਹਿੰਦਾ ਹੈ ਕਿ ਕਿੱਥੋਂ ਤੱਕ ਸੜਕ ਹੈ। ਇਹ ਬਹੁਤ ਜ਼ਰੂਰੀ ਹੈ ਕਿ ਲੋਕਾਂ ਕੋਲੋਂ ਇਹ ਰਸਤੇ ਛੁਡਵਾਉਣੇ। ਸਾਨੂੰ ਆਸ ਹੈ ਕਿ ਸਰਕਾਰ ਇਸ ਵੱਲ ਧਿਆਨ ਦੇਵੇਗੀ।