Punjab Election News: ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ 7 ਉਮੀਦਵਾਰ ਅਯੋਗ ਐਲਾਨੇ
ਚੋਣ ਖਰਚੇ ਨਾ ਦੇਣ ਕਰ ਕੇ ਮਲੇਰਕੋਟਲਾ ਤੇ ਫਾਜ਼ਿਲਕਾ ਦੇ 2-2 ਅਤੇ ਮਾਨਸਾ ਦੇ 3 ਉਮੀਦਵਾਰ ਅਗਲੇ 3 ਸਾਲ ਤਕ ਨਹੀਂ ਲੜ ਸਕਣਗੇ ਚੋਣਾਂ
Punjab Election News: ਭਾਰਤੀ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਹੁਕਮਾਂ ਰਾਹੀਂ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ 7 ਉਮੀਦਵਾਰਾਂ ਨੂੰ ਅਯੋਗ ਐਲਾਨਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਇਨ੍ਹਾਂ ਉਮੀਦਵਾਰਾਂ ਨੇ ਲੋਕ ਪ੍ਰਤੀਨਿਧੀ ਐਕਟ, 1951 ਦੇ ਸੈਕਸ਼ਨ 78 ਅਨੁਸਾਰ ਨਿਸ਼ਚਿਤ ਸਮਾਂ ਸੀਮਾ ਅੰਦਰ ਆਪਣੇ ਚੋਣ ਖਰਚੇ ਦਾ ਵੇਰਵਾ ਕਮਿਸ਼ਨ ਕੋਲ ਜਮ੍ਹਾਂ ਨਹੀਂ ਕਰਵਾਇਆ ਜਿਸ ਕਰਕੇ ਲੋਕ ਪ੍ਰਤੀਨਿਧੀ ਐਕਟ, 1951 ਦੇ ਸੈਕਸ਼ਨ 10ਏ ਅਨੁਸਾਰ ਅਗਲੇ 3 ਸਾਲ ਤੱਕ ਇਨ੍ਹਾਂ ਉਮੀਦਵਾਰਾਂ ਨੂੰ ਚੋਣ ਲੜਨ ਦੇ ਅਯੋਗ ਕਰਾਰ ਦਿੱਤਾ ਗਿਆ ਹੈ।
ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ 7 ਉਮੀਦਵਾਰਾਂ ਵਿੱਚ ਮਲੇਰਕੋਟਲਾ ਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ 2-2 ਉਮੀਦਵਾਰ ਅਤੇ ਮਾਨਸਾ ਜ਼ਿਲ੍ਹੇ ਦੇ 3 ਉਮੀਦਵਾਰ ਸ਼ਾਮਿਲ ਹਨ। 15 ਫਰਵਰੀ 2024 ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤੇ ਹੁਕਮਾਂ ਰਾਹੀਂ ਮਾਨਸਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਵਾਲੇ ਜੀਵਨ ਦਾਸ ਬਾਵਾ, ਤਰੁਣਵੀਰ ਸਿੰਘ ਆਹਲੂਵਾਲੀਆ ਅਤੇ ਵੈਦ ਬਲਵੰਤ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ 24 ਜਨਵਰੀ 2024 ਨੂੰ ਹੋਏ ਹੁਕਮਾਂ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੀ ਜਲਾਲਾਬਾਦ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਵਾਲੇ ਬਲਜੀਤ ਸਿੰਘ ਅਤੇ ਬੱਲੂਆਣਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਵਾਲੇ ਪ੍ਰਿਥੀ ਰਾਮ ਮੇਘ ਨੂੰ ਵੀ ਅਯੋਗ ਐਲਾਨਿਆਂ ਗਿਆ ਹੈ।
ਸਿਬਿਨ ਸੀ ਨੇ ਅੱਗੇ ਦੱਸਿਆ ਕਿ 29 ਜਨਵਰੀ 2024 ਦੇ ਹੁਕਮਾਂ ਅਨੁਸਾਰ ਮਲੇਰਕੋਟਲਾ ਜ਼ਿਲ੍ਹੇ ਦੀ ਮਲੇਰਕੋਟਲਾ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਧਰਮਿੰਦਰ ਸਿੰਘ ਅਤੇ ਅਮਰਗੜ੍ਹ ਸੀਟ ਤੋਂ ਉਮੀਦਵਾਰ ਸਤਵੀਰ ਸਿੰਘ ਸ਼ੀਰਾ ਬਨਭੌਰਾ ਨੂੰ ਵੀ ਭਾਰਤੀ ਚੋਣ ਕਮਿਸ਼ਨ ਨੇ ਅਗਲੇ 3 ਸਾਲ ਤੱਕ ਚੋਣ ਲੜਨ ਦੇ ਅਯੋਗ ਐਲਾਨਿਆ ਹੈ।
(For more Punjabi news apart from Punjab Election News Election Commission of India declared 7 candidates ineligible, stay tuned to Rozana Spokesman)