Punjab News: ਵਿਕਰਮਜੀਤ ਸਿੰਘ ਸਾਹਨੀ ਨੇ ਵਿਦੇਸ਼ ਮੰਤਰਾਲੇ ਕੋਲ ਚੁੱਕਿਆ ਰੂਸ 'ਚ ਫਸੇ ਭਾਰਤੀ ਨੌਜਵਾਨਾਂ ਦਾ ਮੁੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਨ੍ਹਾਂ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਰੂਸ ਵਿਚ ਫਸੇ ਸੱਤ ਭਾਰਤੀ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ।

Vikramjit Sahney raised issue of Indian youth stuck in Russia with Ministry of External Affairs

Punjab News: ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਰੂਸ ਵਿਚ ਭਾਰਤ ਦੇ ਰਾਜਦੂਤ ਪਵਨ ਕਪੂਰ ਅਤੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਰੂਸ ਵਿਚ ਫਸੇ ਸੱਤ ਭਾਰਤੀ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ।

ਡਾ. ਸਾਹਨੀ ਨੇ ਦਸਿਆ ਕਿ ਉਨ੍ਹਾਂ ਨੇ ਭਾਰਤ 'ਚ ਰੂਸ ਦੇ ਰਾਜਦੂਤ ਡੇਨਿਸ ਅਲੀਪੋਵ ਅਤੇ ਭਾਰਤ 'ਚ ਰੂਸ ਦੇ ਮਿਸ਼ਨ ਦੇ ਡਿਪਟੀ ਚੀਫ਼ ਰੋਮਨ ਬਾਬੂਸ਼ਕਿਨ ਨਾਲ ਵੀ ਸੰਪਰਕ ਕਰ ਕੇ ਇਨ੍ਹਾਂ ਨੌਜਵਾਨਾਂ ਦੀ ਛੇਤੀ ਤੋਂ ਛੇਤੀ ਰਿਹਾਈ ਲਈ ਬੇਨਤੀ ਕੀਤੀ ਹੈ।

ਡਾ. ਸਾਹਨੀ ਨੇ ਇਹ ਵੀ ਕਿਹਾ ਕਿ ਉਹ ਦੁਖੀ ਪਰਵਾਰਾਂ ਨਾਲ ਲਗਾਤਾਰ ਸੰਪਰਕ ਵਿਚ ਹਨ ਅਤੇ ਉਨ੍ਹਾਂ ਨੇ ਫਸੇ ਨੌਜਵਾਨਾਂ ਦੇ ਫ਼ੋਨ ਨੰਬਰ ਪ੍ਰਾਪਤ ਕਰ ਕੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਸਾਂਝੇ ਕੀਤੇ ਹਨ ਤਾਂ ਜੋ ਉਹ ਨੌਜਵਾਨਾਂ ਦੀ ਵਾਪਸੀ ਲਈ ਸਿੱਧੇ ਤੌਰ ‘ਤੇ ਮਦਦ ਕਰ ਸਕਣ।

ਡਾ. ਸਾਹਨੀ ਨੇ ਦਸਿਆ ਕਿ 27 ਦਸੰਬਰ 2023 ਨੂੰ ਸੱਤ ਭਾਰਤੀ ਨੌਜਵਾਨ, ਜਿਨ੍ਹਾਂ ਵਿਚੋਂ ਪੰਜ ਪੰਜਾਬ ਦੇ ਹਨ, ਵਿਜ਼ਿਟ ਵੀਜ਼ੇ 'ਤੇ ਰੂਸ ਗਏ ਸਨ। ਇਕ ਮੰਦਭਾਗੀ ਗਲਤਫਹਿਮੀ ਦੇ ਕਾਰਨ, ਉਹ ਅਣਜਾਣੇ ਵਿਚ ਬਿਨਾਂ ਵੀਜ਼ੇ ਦੇ ਸੜਕ ਦੁਆਰਾ ਰੂਸ ਤੋਂ ਬੇਲਾਰੂਸ ਵਿਚ ਦਾਖਲ ਹੋ ਗਏ ਜਿਸ ਕਾਰਨ ਰੂਸੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ।

ਡਾ. ਸਾਹਨੀ ਨੇ ਦਸਿਆ ਕਿ ਪਰੇਸ਼ਾਨ ਨੌਜਵਾਨਾਂ ਨੂੰ ਰੂਸੀ ਪੁਲਿਸ ਦੁਆਰਾ ਇਕ ਸਾਲ ਲਈ ਰੂਸੀ ਫੌਜ ਵਿਚ ਸਹਾਇਕ ਵਜੋਂ ਸੇਵਾ ਕਰਨ ਵਾਸਤੇ ਇਕ ਸਹਿਮਤੀ ਪੱਤਰ 'ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ ਸੀ। ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਦੇ ਬੇਲਾਰੂਸ ਵਿਚ ਅਣਅਧਿਕਾਰਤ ਦਾਖਲੇ ਲਈ ਉਨ੍ਹਾਂ ਨੂੰ ਦਸ ਸਾਲ ਤਕ ਦੀ ਕੈਦ ਦੀ ਧਮਕੀ ਦਿਤੀ ਗਈ ਸੀ। ਇਸ ਗੰਭੀਰ ਸਥਿਤੀ ਕਾਰਨ ਇਹ ਵਿਅਕਤੀ ਅਤੇ ਉਨ੍ਹਾਂ ਦੇ ਪਰਵਾਰ ਦੁੱਖ ਅਤੇ ਘੋਰ ਨਿਰਾਸ਼ਾ ਵਿਚ ਡੁੱਬੇ ਹੋਏ ਹਨ।

 (For more Punjabi news apart from Vikramjit Sahney raised issue of Indian youth stuck in Russia with Ministry of External Affairs, stay tuned to Rozana Spokesman)