ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਹਿਲਾਵਾਂ ਨੂੰ 1000-1000 ਰੁਪਏ ਦੇਣ ਦਾ ਐਲਾਨ
ਖੇਮਕਰਨ ਇਲਾਕੇ ’ਚ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਖੇਮਕਰਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਤਰਨ ਤਾਰਨ ਜ਼ਿਲ੍ਹੇ ਦੇ ਇਲਾਕੇ ਖੇਮਕਰਨ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਅਮਰਕੋਟ ਰੈਲੀ ਦੌਰਾਨ ਪੰਜਾਬ ਦੀਆਂ ਮਹਿਲਾਵਾਂ ਨੂੰ 1000-1000 ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ। ਉੁਨ੍ਹਾਂ ਕਿਹਾ ਕਿ ਕੱਲ੍ਹ ਬਜਟ ਦੌਰਾਨ ਪੰਜਾਬ ਸਰਕਾਰ ਇਸ ਸਬੰਧੀ ਫੈਸਲਾ ਲੈਣ ਜਾ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਪੰਜਾਬ ਦੀਆਂ ਮਹਿਲਾਵਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਜਾ ਰਹੀ ਹੈ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਲਕਾ ਖੇਮਕਰਨ ਦੇ ਵਿੱਚ 127 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਲਿੰਕ ਸੜਕਾਂ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ। ਉਨ੍ਹਾਂ ਕਿਹਾ ਕਿ ਸਾਰੀਆਂ ਟੁੱਟੀਆਂ ਸੜਕਾਂ ਥੋੜ੍ਹੇ ਹੀ ਸਮੇਂ ਅੰਦਰ ਮੁਕੰਮਲ ਹੋ ਜਾਣਗੀਆਂ ਅਤੇ ਤੁਹਾਨੂੰ ਸੜਕਾਂ ’ਤੇ ਕੋਈ ਟੋਆ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਸੜਕਾਂ ਬਣਾਉਣ ਅਤੇ ਉਨ੍ਹਾਂ ਦੀ ਮੁਰੰਮਤ ਕਰਨ ਦੇ ਨਾਲ ਹੀ ਠੇਕੇਦਾਰਾਂ ਨੂੰ ਪੰਜ ਸਾਲ ਦਾ ਠੇਕਾ ਦਿੱਤਾ ਗਿਆ ਕਿ ਜੇਕਰ 5 ਸਾਲਾਂ ਦੌਰਾਨ ਸੜਕ ਕਿਤੋਂ ਟੁੱਟਦੀ ਹੈ ਤਾਂ ਉਸੇ ਠੇਕੇਦਾਰ ਨੂੰ ਉਹ ਸੜਕ ਮੁੜ ਤੋਂ ਬਣਾਉਣੀ ਪਵੇਗੀ।
ਇਸ ਮੌਕੇ ਉਨ੍ਹਾਂ ਪੰਜਾਬ ਦੇ ਕਾਂਗਰਸੀਆਂ ’ਤੇ ਤੰਜ਼ ਕਸਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਂਗਰਸੀਆਂ ਦਾ ਬਹੁਤ ਬੁਰਾ ਹਾਲ ਇਨ੍ਹਾਂ ਵਿਚੋਂ ਸਾਰੇ ਹੀ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਰਾਹੁਲ ਗਾਂਧੀ ਵੀ ਪੰਜਾਬ ਆਏ ਸਨ ਅਤੇ ਉਹ ਵੀ ਸਾਰੇ ਕਾਂਗਰਸੀਆਂ ਨੂੰ ਝਿੜਕ ਕੇ ਗਿਆ ਹੈ। ਮਲਿਕਾ ਅਰਜੁਨ ਖੜਗੇ ਬਾਰੇ ਬੋਲਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਨਹੀਂ ਲੈਣਾ ਹੈ। ਉਨ੍ਹਾਂ ਕਿ ਰੈਲੀ ਦੌਰਾਨ ਖੜਗੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਸਟਰ ਰੰਧਵਾ ਹੀ ਕਹਿ ਗਿਆ। ਉਨ੍ਹਾਂ ਸੁਖਜਿੰਦਰ ਰੰਧਾਵਾ ’ਤੇ ਤੰਜ ਕਸਦਿਆਂ ਕਿਹਾ ਕਿ ਉਹ ਵੀ ਮੈਨੂੰ ਬਹੁਤ ਗਾਲ਼੍ਹਾਂ ਕੱਢਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਵਿਚੋਂ ਕੋਈ 4 ਸਾਲ ਮੁੱਖ ਮੰਤਰੀ, ਕੋਈ 82 ਦਿਨ ਮੁੱਖ ਮੰਤਰੀ ਅਤੇ ਚੰਨੀ ਵੀ ਥੋੜ੍ਹਾ ਸਮਾਂ ਹੀ ਮੁੱਖ ਮੰਤਰੀ ਰਿਹਾ। ਪਰ ਸੁਖਜਿੰਦਰ ਸਿੰਘ ਰੰਧਾਵਾ ਤਾਂ ਪੌਣੇ 2 ਕਿਲੋਮੀਟਰ ਦੇ ਮੁੱਖ ਮੰਤਰੀ ਹਨ। ਉਹ ਇਸ ਕਰਕੇ ਜਦੋਂ ਰੰਧਾਵਾ ਨੂੰ ਮੁੱਖ ਮੰਤਰੀ ਐਲਾਨਿਆ ਤਾਂ ਉਹ ਆਪਣੇ ਘਰ ਤੋਂ ਰਾਜਪਾਲ ਨੂੰ ਮਿਲਣ ਲਈ ਪੌਣੇ 2 ਕਿਲੋਮੀਟਰ ਹੀ ਗਏ ਸਨ ਕਿ ਅਤੇ ਉਨ੍ਹਾਂ ਨੂੰ ਫੋਨ ਆ ਗਿਆ ਕਿ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ ਇਸ ਲਈ ਉਹ ਪੌਣੇ 2 ਕਿਲੋਮੀਟਰ ਦੇ ਮੁੱਖ ਮੰਤਰੀ ਹਨ।