ਫਰੀਦਕੋਟ ਪੁਲਿਸ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਨਕਲੀ ਪੁਲਿਸ ਅਫ਼ਸਰ ਕੀਤਾ ਗ੍ਰਿਫ਼ਤਾਰ
ਪੁਲਿਸ ਨੇ ਮੁਲਜ਼ਮ ਪਾਸੋਂ ਹਰਿਆਣਾ ਪੁਲਿਸ ਦਾ ਆਈਕਾਰਡ ਕੀਤਾ ਬਰਾਮਦ, ਗੁਰਮੰਗਤ ਸਿੰਘ ਵਜੋਂ ਹੋਈ ਮੁਲਜ਼ਮ ਦੀ ਪਛਾਣ
ਫਰੀਦਕੋਟ : ਡਾ. ਪ੍ਰਗਿਆ ਜੈਨ ਆਈ.ਪੀ.ਐਸ., ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਮਹੱਤਵਪੂਰਨ ਕਾਮਯਾਬੀ ਹਾਸਲ ਕਰਦਿਆਂ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਮਹੱਤਵਪੂਰਨ ਸਫਲਤਾ ਹਾਸਿਲ ਕੀਤੀ ਹੈ। ਇਹ ਜਾਣਕਾਰੀ ਜੋਗੇਸ਼ਵਰ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਵੱਲੋ ਸਾਂਝੀ ਕੀਤੀ ਗਈ।
ਫਰੀਦਕੋਟ ਪੁਲਿਸ ਨੂੰ ਇਹ ਸਫਲਤਾ ਅਵਤਾਰ ਸਿੰਘ ਡੀ.ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਸਿੱਧੀ ਨਿਗਰਾਨੀ ਹੇਠ ਹਾਸਿਲ ਹੋਈ। ਜਿਸ ਵਿੱਚ ਸੀ.ਆਈ.ਏ ਸਟਾਫ ਫਰੀਦਕੋਟ ਅਤੇ ਥਾਣਾ ਸਦਰ ਫਰੀਦਕੋਟ ਦੀਆਂ ਟੀਮਾਂ ਨੇ ਅਹਿਮ ਭੂਮਿਕਾ ਨਿਭਾਈ। ਗ੍ਰਿਫਤਾਰ ਕੀਤੇ ਮੁਲਜ਼ਮ ਦੀ ਪਹਿਚਾਣ ਗੁਰਮੰਗਤ ਸਿੰਘ ਪੁੱਤਰ ਬਲਦੇਵ ਸਿੰਘ ਵਜੋ ਹੋਈ ਹੈ, ਜੋ ਕਿ ਹਰਿਆਣਾ ਦੇ ਫਤਿਆਬਾਦ ਜ਼ਿਲ੍ਹਾ ਦੇ ਪਿੰਡ ਰੱਤਾਖੇੜਾ ਨਾਲ ਸਬੰਧਿਤ ਹੈ। ਪੁਲਿਸ ਟੀਮ ਪਾਸੋ ਦੋਸ਼ੀ ਪਾਸੋ ਇੱਕ ਟੋਇਟਾ ਅਰਬਨ ਕਰੂਜਰ ਕਾਰ ਅਤੇ ਹਰਿਆਣਾ ਪੁਲਿਸ ਦੇ ਐਸ.ਆਈ ਦਾ ਜ਼ਾਅਲੀ ਆਈਕਾਰਡ ਵੀ ਹਾਸਿਲ ਹੋਇਆ ਹੈ।
ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ 6 ਮਾਰਚ ਨੂੰ ਸਹਾਇਕ ਥਾਣੇਦਾਰ ਰਵੀਕਾਂਤ ਪੁਲਿਸ ਪਾਰਟੀ ਸਮੇਤ ਹਾਈਟੈਕ ਨਾਕਾ ਪਿੰਡ ਟਹਿਣਾ ਵਿਖੇ ਮੌਜੂਦ ਸੀ ਤਾਂ ਉਨ੍ਹਾਂ ਵੱਲੋ ਇੱਕ ਕਾਰ ਟੋਇਟਾ ਅਰਬਨ ਕਰੂਜਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਦੇ ਡਰਾਇਵਰ ਨੇ ਕਿਹਾ ਇਹ ਹਾਈਕੋਰਟ ਦੇ ਜੱਜ ਸਾਹਿਬ ਦੀ ਗੱਡੀ ਹੈ, ਜਦ ਉਸ ਪਾਸੋਂ ਡਰਾਈਵਿੰਗ ਲਾਇਸੈਂਸ ਦੀ ਮੰਗ ਕੀਤੀ ਤਾਂ ਉਸ ਵੱਲੋਂ ਹਰਿਆਣਾ ਦੇ ਸਬ ਇੰਸਪੈਕਟਰ ਦਾ ਆਈਕਾਰਡ ਜੋ ਗੁਰਮੰਗਤ ਸਿੰਘ ਦੇ ਨਾਮ ਪਰ ਸੀ ਦਿਖਾਇਆ ਗਿਆ ਪ੍ਰੰਤੂ ਤਾਇਨਾਤੀ ਬਾਰੇ ਕੋਈ ਵੀ ਤਸੱਲੀਬਖਸ਼ ਜਵਾਬ ਨਾ ਦੇ ਸਕਣ ਪਰ ਬਹਿਸਬਾਜ਼ੀ ਕਰਨ ਲੱਗਾ, ਜਿਸ ਉਪਰੰਤ ਉਸ ਵੱਲੋਂ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਮੁਲਾਜ਼ਮ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫਰੀਦਕੋਟ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਤੁਰੰਤ ਨਾਕਾਬੰਦੀ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਜਿਸ ਦੌਰਾਨ ਸਹਾਇਕ ਥਾਣੇਦਾਰ ਰਾਜ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਦੋਸ਼ੀ ਨੂੰ ਬੀੜ ਚਹਿਲ ਪਾਸੋਂ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ।
ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਵੱਲੋਂ ਹੋਰ ਵੀ ਜਾਅਲੀ ਆਈ.ਡੀ ਕਾਰਡ ਤਿਆਰ ਕੀਤੇ ਗਏ ਸਨ । ਇਸ ਤੋਂ ਇਲਾਵਾ ਇਸ ਵੱਲੋਂ ਆਪਣੀ ਗੱਡੀ ਪਰ ਫਲੈਸ਼ਰ ਲਾਈਟ ਅਤੇ ਹਾਈਕੋਰਟ ਦੇ ਜੱਜ ਸਹਿਬਾਨ ਦੇ ਜਾਅਲੀ ਸਟਿਕਰ ਲਗਾਏ ਹੋਏ ਸਨ। ਇਸ ਤੋਂ ਇਲਾਵਾ ਫਰੀਦਕੋਟ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਮੁਲਜ਼ਮ ਵੱਲੋਂ ਹੋਰ ਕਿਹੜੀਆਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ ਅਤੇ ਕੀ ਇਸ ਜਾਅਲਸਾਜ਼ੀ ਦੌਰਾਨ ਇਸ ਨਾਲ ਕਿਸੇ ਹੋਰ ਵਿਅਕਤੀ ਦੀ ਵੀ ਸ਼ਮੂਲੀਅਤ ਰਹੀ ਹੈ ਜਾਂ ਨਹੀਂ।
ਇਸ ਸਬੰਧੀ ਥਾਣਾ ਸਦਰ ਫਰੀਦਕੋਟ ਵਿਖੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 62 ਮਿਤੀ 06.03.2026 ਅਧੀਨ ਧਾਰਾ 109, 132, 221 ਬੀ.ਐਨ.ਐਸ ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ। ਜਿਸ ਵਿੱਚ ਬੀ.ਐਨ.ਐਸ ਦੀ ਧਾਰਾ 336(2), 336(3), 340(2) ਦਾ ਵਾਧਾ ਕੀਤਾ ਗਿਆ ਹੈ। ਫਰੀਦਕੋਟ ਪੁਲਿਸ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਦ੍ਰਿੜ੍ਹਤਾ ਨਾਲ ਨਿਭਾਈ ਜਾ ਰਹੀ ਹੈ। ਜਿਸਦੇ ਤਹਿਤ ਮਾੜੇ ਅਨਸਰਾਂ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਗਈ ਹੈ।