ਅਕਾਲੀਆਂ ਦਾ ਸਾਰਾ ਜ਼ੋਰ ਸਮੈਕ ਵਿਕਵਾਉਣ 'ਤੇ ਲੱਗਾ ਰਿਹਾ : ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

10 ਵਰ੍ਹਿਆਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਕਿਸਾਨਾਂ ਦੀ ਕਣਕ ਮੰਡੀਆਂ ਵਿਚੋਂ ਨਹੀਂ ਚੁੱਕੀ ਤੇ ਨਾ ਹੀ ਅਦਾਇਗੀ ਸਮੇਂ ਸਿਰ ਕੀਤੀ। ਸੂਬੇ ਦੇ ਲੋਕ 10 ਸਾਲਾਂ ਦੌਰਾਨ ਬਿਜਲੀ

Dharmsot

ਮੋਹਾਲੀ, 29 ਜੂਨ (ਪਰਦੀਪ ਸਿੰਘ ਹੈਪੀ) : 10 ਵਰ੍ਹਿਆਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਕਿਸਾਨਾਂ ਦੀ ਕਣਕ ਮੰਡੀਆਂ ਵਿਚੋਂ ਨਹੀਂ ਚੁੱਕੀ ਤੇ ਨਾ ਹੀ ਅਦਾਇਗੀ ਸਮੇਂ ਸਿਰ ਕੀਤੀ। ਸੂਬੇ ਦੇ ਲੋਕ 10 ਸਾਲਾਂ ਦੌਰਾਨ ਬਿਜਲੀ ਦੇ ਲੰਮੇ ਕੱਟਾਂ ਤੋਂ ਡਾਢੇ ਪ੍ਰੇਸ਼ਾਨ ਰਹੇ।
ਇਹ ਗੱਲ 'ਰੋਜ਼ਾਨਾ ਸਪੋਕਸਮੈਨ' ਦੇ ਦਫ਼ਤਰ ਪਹੁੰਚੇ ਜੰਗਲਾਤ, ਪ੍ਰਿਟਿੰਗ ਤੇ ਸਟੇਸ਼ਨਰੀ ਵਿਭਾਗ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਹੀ। ਸਵਾਲਾਂ ਦੇ ਜਵਾਬ ਦਿੰਦਿਆਂ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ 10 ਸਾਲਾਂ ਦੇ ਕਾਰਜਕਾਲ ਵਿਚ ਕਦੇ ਵੀ ਪੈਨਸ਼ਨ ਨਹੀਂ ਵਧਾਈ ਗਈ ਤੇ ਨਾ ਹੀ ਸ਼ਗਨ ਸਕੀਮ ਦੀ ਰਾਸ਼ੀ ਵਧੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦੇ ਹੋਂਦ ਵਿਚ ਆਉਂਦਿਆਂ ਹੀ ਸ਼ਗਨ ਸਕੀਮ ਦੀ ਰਕਮ ਵਧਾ ਕੇ 21 ਹਜ਼ਾਰ ਰੁਪਏ ਕਰ ਦਿਤੀ ਗਈ। ਸੂਬੇ ਦੀਆਂ ਲੜਕੀਆਂ ਦਾ ਵਿਦਿਅਕ ਪੱਧਰ ਉੱਚਾ ਚੁੱਕਣ ਲਈ ਪ੍ਰਾਇਮਰੀ ਦੀ ਪੜ੍ਹਾਈ ਤੋਂ ਪੀ.ਐਚ.ਡੀ. ਤਕ ਪੜ੍ਹਾਈ ਮੁਫ਼ਤ ਕਰ ਦਿਤੀ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦਾ ਸਾਰਾ ਜ਼ੋਰ ਪੰਜਾਬ ਵਿਚ ਸਮੈਕ ਵਧਾਉਣ ਤੇ ਵਿਕਾਉਣ 'ਤੇ ਹੀ ਲੱਗਾ ਰਿਹਾ।
ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪਿਛਲੇ ਸਰਕਾਰ ਸਮੇਂ ਗ਼ਰੀਬਾਂ ਦੇ ਬੱਚਿਆਂ ਲਈ ਵਜ਼ੀਫ਼ੇ ਵਿਚ ਹੋਏ ਕਰੋੜਾਂ ਰੁਪਏ ਦੇ ਘਪਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੜ੍ਹਾਈ ਕਰਨ ਦਾ ਮੌਕਾ ਪ੍ਰਾਪਤ ਕਰਨ ਵਾਲੇ ਗ਼ਰੀਬ ਬੱਚਿਆਂ ਦਾ ਆਖ਼ਰ ਕੀ ਕਸੂਰ ਹੈ ਕਿ ਉਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਜਾਵੇ ਤੇ ਉਨ੍ਹਾਂ ਕੋਲੋਂ ਉੱਚ ਸਿਖਿਆ ਹਾਸਲ ਕਰਨ ਦਾ ਮੌਕਾ ਖੋਹਿਆ ਜਾਵੇ। ਸ. ਧਰਮਸੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਤਿੰਨ ਮਹੀਨਿਆਂ ਦੇ ਕਾਰਜਕਾਲ ਵਿਚ ਹੀ ਹਰ ਵਰਗ ਦੇ ਲੋਕਾਂ ਲਈ ਗਿਣਨਯੋਗ ਕੰਮ ਕੀਤੇ ਜੋ 10 ਸਾਲਾਂ ਦੇ ਕਾਰਜਕਾਲ ਵਿਚ ਅਕਾਲੀ-ਭਾਜਪਾ ਸਰਕਾਰ ਤੋਂ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਅਤੇ ਹਰ ਵਰਗ ਦੀ ਬਿਹਤਰੀ ਅਤੇ ਬੁਨਿਆਦੀ ਤੇ ਜ਼ਰੂਰੀ ਮਸਲਿਆਂ ਨੂੰ ਹੱਲ ਕਰਨ 'ਤੇ ਜ਼ੋਰ ਦਿਤਾ ਜਾਵੇਗਾ।