ਕੈਪਟਨ ਵਲੋਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ
ਸਤਲੁਜ-ਯਮਨਾ ਲਿੰਕ ਨਹਿਰ ਦੇ ਮਸਲੇ ਨੂੰ ਸੁਲਝਾਉਣ ਲਈ ਸੁਪਰੀਮ ਕੋਰਟ ਵਲੋਂ ਦੋ ਮਹੀਨੇ ਦੀ ਮੋਹਲਤ ਦੇਣ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ...
ਚੰਡੀਗੜ੍ਹ, 11 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਸਤਲੁਜ-ਯਮਨਾ ਲਿੰਕ ਨਹਿਰ ਦੇ ਮਸਲੇ ਨੂੰ ਸੁਲਝਾਉਣ ਲਈ ਸੁਪਰੀਮ ਕੋਰਟ ਵਲੋਂ ਦੋ ਮਹੀਨੇ ਦੀ ਮੋਹਲਤ ਦੇਣ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਵਾਰ ਫਿਰ ਕੇਂਦਰ ਸਰਕਾਰ ਨੂੰ ਇਸ ਮਸਲੇ ਦਾ ਹੱਲ ਛੇਤੀ ਕੱਢਣ ਲਈ ਹਰਿਆਣਾ ਨਾਲ ਗੱਲਬਾਤ ਤੋਰਨ ਵਾਸਤੇ ਅੱਗੇ ਆਉਣ ਦੀ ਅਪੀਲ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਦੁਹਰਾਇਆ ਕਿ ਸਮੱਸਿਆ ਦਾ ਹੱਲ ਆਪਸੀ ਗੱਲਬਾਤ ਰਾਹੀਂ ਹੀ ਕਢਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਜ਼ਰੂਰੀ ਵਸੀਲੇ ਤੋਂ ਕਿਸੇ ਨੂੰ ਵੀ ਵਾਂਝਾ ਨਹੀਂ ਰਖਣਾ ਚਾਹੁੰਦਾ ਪਰ ਸੂਬੇ ਵਿਚ ਪਾਣੀ ਦੀ ਗੰਭੀਰ ਥੁੜ ਇਸ ਅਹਿਮ ਸਰੋਤ ਨੂੰ ਕਿਸੇ ਨਾਲ ਸਾਂਝਾ ਕਰਨ ਤੋਂ ਰੋਕਦੀ ਹੈ। ਉਧਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੁਪਰੀਮ ਕੋਰਟ ਦਾ ਧਨਵਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਤੋਂ ਪੰਜਾਬ ਖੇਤਰ ਵਿਚ ਐਸ.ਵਾਈ.ਐਲ. ਨਹਿਰ ਦਾ ਨਿਰਮਾਣ ਯਕੀਨੀ ਕਰਨ ਲਈ ਤੁਰਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਤਾਕਿ ਦੋਵੇਂ ਰਾਜਾਂ ਦੇ ਕਿਸਾਨਾਂ ਨੂੰ ਫ਼ਾਇਦਾ ਮਿਲ ਸਕੇ।
ਖੱਟੜ ਨੇ ਬਿਆਨ ਰਾਹੀਂ ਕਿਹਾ ਕਿ 'ਮੈਂ ਐਸ.ਵਾਈ.ਐਲ. ਨਹਿਰ ਮਾਮਲੇ ਸਬੰਧੀ ਦਿਤੇ ਗਏ ਆਦੇਸ਼ਾਂ ਲਈ ਸੁਪਰੀਮ ਕੋਰਟ ਦਾ ਧਨਵਾਦ ਕਰਦਾ ਹਾਂ। ਸੁਪਰੀਮ ਕੋਰਟ ਨੇ ਨਿਆਂ ਕੀਤਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਸੁਪਰੀਮ ਕੋਰਟ ਦੇ ਆਦੇਸ਼ ਦਾ ਸਨਮਾਨ ਕਰਦੇ ਹੋਏ ਤੁਰਤ ਕਦਮ ਚੁਕਣਗੇ ਅਤੇ ਲੋਂੜੀਦੀ ਕਾਰਵਾਈ ਕਰਨਗੇ।
ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਰਾਜਾਂ ਵਿਚਕਾਰ ਦਰਿਆਈ ਪਾਣੀਆਂ ਦੀ ਵੰਡ ਦੇ ਮੁਢਲੇ ਆਧਾਰ ਵਜੋਂ ਰਿਪੇਰੀਅਨ ਸਿਧਾਂਤ ਨੂੰ ਤੋੜਿਆ ਮਰੋੜਿਆ ਨਹੀਂ ਜਾ ਸਕਦਾ। ਇਸ ਸਿਧਾਂਤ ਤੋਂ ਬਾਹਰ ਜਾ ਕੇ ਕਢਿਆ ਗਿਆ ਕੋਈ ਵੀ ਹੱਲ ਪੰਜਾਬੀਆਂ ਅਤੇ ਇਸ ਦੇਸ਼ ਸੰਵਿਧਾਨਕ ਢਾਂਚੇ ਵਿਚ ਭਰੋਸਾ ਰੱਖਣ ਵਾਲਿਆਂ ਨੂੰ ਕਦੇ ਵੀ ਸਵੀਕਾਰ ਨਹੀਂ ਹੋਵੇਗਾ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਨੂੰ ਸਭ ਤੋਂ ਪਹਿਲਾਂ ਇਹ ਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਕਿ ਕਿਸੇ ਵੀ ਦਰਿਆ ਦੇ ਪਾਣੀਆਂ ਉਤੇ ਕਿਹੜੇ ਸੂਬੇ ਦਾ ਹੱਕ ਹੈ। ਉੱਚ ਅਦਾਲਤ ਨੂੰ ਇਹ ਗੱਲ ਵੀ ਸਪੱਸ਼ਟ ਕਰ ਦੇਣੀ ਚਾਹੀਦੀ ਹੈ ਕਿ ਕੀ ਗ਼ੈਰ-ਰਿਪੇਰੀਅਨ ਰਾਜ ਉਨ੍ਹਾਂ ਦਰਿਆਵਾਂ ਦੇ ਪਾਣੀਆਂ ਉਤੇ ਹੱਕ ਜਤਾ ਸਕਦੇ ਹਨ ਜਿਹੜੇ ਉਨ੍ਹਾਂ ਦੀਆਂ ਸਰਹੱਦਾਂ ਨਾਲ ਵੀ ਛੂਹ ਕੇ ਨਹੀਂ ਲੰਘਦੇ। ਉਧਰ, ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਸੁਪਰੀਮ ਕੋਰਟ ਦੇ ਇਸ ਅੰਤਰਮ ਫ਼ੈਸਲੇ ਨੂੰ ਚੰਗਾ ਮੌਕਾ ਦਸਿਆ। ਭਗਵੰਤ ਮਾਨ ਨੇ ਫ਼ੇਸਬੁਕ ਰਾਹੀਂ ਪਾਰਟੀ ਦਾ ਪੱਖ ਰਖਿਆ। ਮਾਨ ਨੇ ਕਿਹਾ ਕਿ ਰਲ ਬੈਠ ਕੇ ਵੱਡੇ ਵੱਡੇ ਮਸਲਿਆਂ ਦਾ ਹੱਲ ਨਿਕਲ ਜਾਂਦਾ ਹੈ ਬਸ਼ਰਤੇ ਇਸ ਪਿੱਛੇ ਕੋਈ ਸਿਆਸੀ ਮਨਸ਼ਾ ਨਾ ਹੋਵੇ। ਮਾਨ ਨੇ ਕਿਹਾ ਕਿ ਸਿਆਸਤ ਛੱਡ ਕੇ ਤਰਕ ਤੋਂ ਕੰਮ ਲੈਣਾ ਪਵੇਗਾ।