ਮੁੱਖ ਮੰਤਰੀ ਵਲੋਂ ਸ਼ਹਿਰ ਦੀਆਂ ਸੜਕਾਂ ਦੇ ਵਿਕਾਸ ਲਈ 30 ਕਰੋੜ ਰੁਪਏ ਪ੍ਰਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਅੱਜ ਪਟਿਆਲਾ ਦੀਆਂ ਖ਼ਸਤਾ ਹਾਲ ਸੜਕਾਂ ਦੀ ਮੁਰੰਮਤ ਕਰਨ ਤੋਂ ਇਲਾਵਾ ਸ਼ਹਿਰ ਦੇ ਵਿਕਾਸ ਲਈ ਹੋਰ ਕਈ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ। ਇਕ ਸਰਕਾਰੀ...

Patiala

ਪਟਿਆਲਾ, 18 ਜੁਲਾਈ (ਰਣਜੀਤ ਰਾਣਾ ਰੱਖੜਾ): ਪੰਜਾਬ ਸਰਕਾਰ ਨੇ ਅੱਜ ਪਟਿਆਲਾ ਦੀਆਂ ਖ਼ਸਤਾ ਹਾਲ ਸੜਕਾਂ ਦੀ ਮੁਰੰਮਤ ਕਰਨ ਤੋਂ ਇਲਾਵਾ ਸ਼ਹਿਰ ਦੇ ਵਿਕਾਸ ਲਈ ਹੋਰ ਕਈ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ। ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਸਰਕਾਰ ਨੇ ਅਪਣੇ ਵਿਕਾਸ ਏਜੰਡੇ ਵਜੋਂ ਸ਼ਹਿਰ ਦੀਆਂ ਸੜਕਾਂ ਦੀ ਕਾਇਆ ਕਲਪ ਕਰਨ ਲਈ ਲਗਪਗ 30 ਕਰੋੜ ਰੁਪਏ ਦੀ ਵਿਵਸਥਾ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ। ਇਕ ਹੋਰ ਫ਼ੈਸਲੇ ਵਿਚ ਮੁੱਖ ਮੰਤਰੀ ਨੇ ਅਦਾਲਤ ਬਜ਼ਾਰ ਤੋਂ ਇਤਿਹਾਸਕ ਕਿਲ੍ਹਾ ਮੁਬਾਰਕ ਤਕ ਚੌਕ ਨੂੰ ਵਿਰਾਸਤੀ ਲਾਂਘੇ ਵਜੋਂ ਵਿਕਸਤ ਕਰਨ ਲਈ ਵੀ ਹਰੀ ਝੰਡੀ ਦੇ ਦਿਤੀ ਹੈ। ਸੂਬਾ ਸਰਕਾਰ ਨੇ ਮੋਦੀ ਪਲਾਜ਼ਾ ਵਿਖੇ ਅਤੇ ਮੰਦਰ ਸ਼੍ਰੀ ਕਾਲੀ ਮਾਤਾ ਦੇ ਪਿਛਲੇ ਪਾਸੇ ਜ਼ਮੀਨਦੋਜ਼ ਕੂੜਾਦਾਨ ਸਥਾਪਤ ਕਰਨ ਲਈ ਸ਼ਹਿਰ ਵਿਚ ਦੋ ਪਾਇਲਟ ਪ੍ਰਾਜੈਕਟ ਸ਼ੁਰੂ ਕੀਤੇ ਹਨ ਅਤੇ ਅਗਲੇ ਪੜਾਅ ਵਿਚ 20 ਹੋਰ ਥਾਵਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਜਿਸ 'ਤੇ 2.6 ਕਰੋੜ ਦੀ ਲਾਗਤ ਆਵੇਗੀ।
ਬੁਲਾਰੇ ਨੇ ਦਸਿਆ ਮੁੱਖ ਮੰਤਰੀ ਜੋ ਪਟਿਆਲਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ, ਨੇ ਸ਼ਹਿਰੀ ਇਲਾਕੇ ਦੇ ਡਰੇਨੇਜ ਸਿਸਟਮ ਨੂੰ ਸੁਚਾਂਰੂ ਬਣਾਉਣ ਅਤੇ ਸੁਧਾਰ ਲਿਆਉਣ ਲਈ ਤਿੰਨ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿਤੀ ਜੋ ਪਟਿਆਲਾ ਛੋਟੀ ਨਦੀ, ਜੈਕੋਬਜ਼ ਡਰੇਨ ਅਤੇ ਮਾਡਲ ਟਾਊਨ ਡਰੇਨ ਵਿਖੇ ਸਥਿਤ ਹਨ।  ਬੁਲਾਰੇ ਨੇ ਦਸਿਆ ਕਿ ਡੇਅਰੀਆਂ ਨੂੰ ਸ਼ਹਿਰ ਦੀ ਹੱਦ 'ਚੋਂ ਬਾਹਰ ਕੱਢਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ ਤਾਂ ਕਿ ਸੀਵਰੇਜ ਅਤੇ ਗੰਦੇ ਪਾਣੀ ਦੇ ਵਹਾਅ ਵਿਚ ਪੈਦਾ ਹੁੰਦੀ ਰੁਕਾਵਟ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਸਰਕਾਰ ਵਲੋਂ ਸ਼ਹਿਰ ਵਿਚ ਇਕ ਨਵੀਂ ਮੱਛੀ ਮੰਡੀ ਸਥਾਪਤ ਕਰਨ ਤੋਂ ਇਲਾਵਾ ਕੈਂਪਾਂ ਅਤੇ ਗਰੀਨ ਮਿਸ਼ਨ ਪੰਜਾਬ ਅਧੀਨ ਇਕ ਨੇਚਰ ਪਾਰਕ ਅਤੇ ਨਰਸਰੀ ਵਿਕਸਤ ਕਰਨ ਦੀ ਯੋਜਨਾ ਬਣਾਈ ਗਈ ਹੈ। ਸ਼ਹਿਰ ਦੇ ਪਾਰਕਾਂ ਦਾ ਵਿਕਾਸ ਕਰਨ ਲਈ ਵਖਰੇ ਤੌਰ 'ਤੇ ਇਕ ਕਰੋੜ ਰੁਪਏ ਰੱਖੇ ਗਏ ਹਨ। ਬਹੁ-ਮੰਜ਼ਲੀ ਪਾਰਕਿੰਗ ਦੀ ਸਥਾਪਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਹਿਰ ਦੀਆਂ ਸਟਰੀਟ ਲਾਈਟਾਂ ਨੂੰ ਬਿਜਲੀ ਦੀ ਬੱਚਤ ਵਾਲੀਆਂ ਐਲ.ਈ.ਡੀ. ਲਾਈਟਾਂ ਵਿਚ ਬਦਲਿਆ ਜਾਵੇਗਾ। ਇਲਾਕੇ ਵਿਚ 52 ਮਾਡਲ ਆਂਗਣਵਾੜੀ ਕੇਂਦਰ ਵਿਕਸਤ ਕਰਨ ਦਾ ਵੀ ਪ੍ਰਸਤਾਵ ਹੈ ਅਤੇ ਇਸ ਤੋਂ ਇਲਾਵਾ ਝੁੱਗੀ-ਝੌਂਪੜੀ ਵਾਲੇ ਬੱਚਿਆਂ ਲਈ ਇਕ ਸਕੂਲ ਚਲਾਉਣ ਵਾਸਤੇ ਅਵਸਰ ਪ੍ਰੋਜੈਕਟ ਦਾ ਆਰੰਭ ਕੀਤਾ ਜਾਵੇਗਾ। ਬੁਲਾਰੇ ਨੇ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਸ਼ਹਿਰ ਹੋਣ ਕਰ ਕੇ ਪਿਛਲੀ ਸਰਕਾਰ ਦੌਰਾਨ ਪਟਿਆਲਾ ਨੂੰ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕੀਤਾ ਗਿਆ ਜਿਸ ਕਰ ਕੇ ਪਿਛਲੇ ਕਈ ਸਾਲਾਂ ਤੋਂ ਸਾਰੇ ਵਿਕਾਸ ਕਾਰਜ ਰੁਕੇ ਹੋਏ ਹਨ। ਸੂਬਾ ਸਰਕਾਰ ਵਲੋਂ ਸ਼ਹਿਰ ਦੇ ਵਿਕਾਸ ਲਈ ਚੁੱਕੇ ਕਦਮਾਂ ਨਾਲ ਇਸ ਖਿੱਤੇ ਨੂੰ ਮੁੜ ਵਿਕਾਸ ਦੀ ਲੀਹ 'ਤੇ ਲਿਆਂਦਾ ਜਾ ਰਿਹਾ ਹੈ।