ਨਹਿਰ ਪਹਿਲਾਂ ਹੀ ਬਣਾਉਣ ਦੀ ਤੁਕ ਨਹੀਂ : ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਨੇ ਐਸਵਾਈਐਲ ਦੇ ਮੁੱਦੇ 'ਤੇ ਸਖ਼ਤ ਸਟੈਂਡ ਲੈਂਦੇ ਹੋਏ ਕਿਹਾ ਕਿ ਕਾਂਗਰਸ ਸਰਕਾਰਾਂ ਵੇਲੇ ਹਮੇਸ਼ਾ ਪੰਜਾਬ ਨਾਲ ਧੱਕਾ ਹੋਇਆ ਅਤੇ ਹੁਣ ਵੀ ਪੰਜਾਬ ਵਿਚ....
ਚੰਡੀਗੜ੍ਹ, 11 ਜੁਲਾਈ (ਜੀ.ਸੀ. ਭਾਰਦਵਾਜ) : ਸ਼੍ਰੋਮਣੀ ਅਕਾਲੀ ਦਲ ਨੇ ਐਸਵਾਈਐਲ ਦੇ ਮੁੱਦੇ 'ਤੇ ਸਖ਼ਤ ਸਟੈਂਡ ਲੈਂਦੇ ਹੋਏ ਕਿਹਾ ਕਿ ਕਾਂਗਰਸ ਸਰਕਾਰਾਂ ਵੇਲੇ ਹਮੇਸ਼ਾ ਪੰਜਾਬ ਨਾਲ ਧੱਕਾ ਹੋਇਆ ਅਤੇ ਹੁਣ ਵੀ ਪੰਜਾਬ ਵਿਚ ਕਾਂਗਰਸ ਦੇ ਮੁੱਖ ਮੰਤਰੀ ਨੇ ਅਦਾਲਤੀ ਟਿਪਣੀ 'ਤੇ ਨਾਰਾਜ਼ਗੀ ਪ੍ਰਗਟ ਨਹੀਂ ਕੀਤੀ, ਉਲਟਾ ਸਵਾਗਤ ਕੀਤਾ ਹੈ।
ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ. ਦਲਜੀਤ ਚੀਮਾ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਪਹਿਲਾਂ ਬੇਇਨਸਾਫ਼ੀ ਹੋਈ, ਇਰਾਡੀ ਟ੍ਰਿਬਿਊਨਲ ਦੀ ਅੰਤ੍ਰਿਮ ਰੀਪੋਰਟ ਦੇ ਆਧਾਰ 'ਤੇ ਰਾਵੀ-ਬਿਆਸ ਦਰਿਆਵਾਂ ਦੇ ਵਾਧੂ ਪਾਣੀ ਦੀ ਵੰਡ ਵੀ ਗ਼ਲਤ ਕੀਤੀ ਅਤੇ ਬਾਅਦ ਵਿਚ ਐਸਵਾਈਐਲ ਨਹਿਰ ਬਣਾਉਣ ਨਾਲ ਵੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਗਿਆ।
ਡਾ. ਚੀਮਾ ਨੇ ਕਿਹਾ ਕਿ ਪਾਣੀ ਦੀ ਸਹੀ ਵੰਡ ਤੋਂ ਪਹਿਲਾਂ ਹੀ ਨਹਿਰ ਦੀ ਉਸਾਰੀ ਕਰਨਾ ਵਾਜਬ ਨਹੀਂ ਹੈ, ਨਾ ਹੀ ਕੋਈ ਤੁਕ ਹੈ, ਅਕਾਲੀ ਦਲ ਨੇ ਹਮੇਸ਼ਾ ਇਸ ਦਾ ਵਿਰੋਧ ਕੀਤਾ ਹੈ। ਸੀਨੀਅਰ ਅਕਾਲੀ ਨੇਤਾ ਨੇ ਸਪੱਸ਼ਟ ਕੀਤਾ ਕਿ ਇਸ ਸਮੇਂ ਕਾਂਗਰਸ ਦੀ ਸਰਕਾਰ ਸਖ਼ਤ ਸਟੈਂਡ ਲਵੇ, ਕੈਪਟਨ ਅਮਰਿੰਦਰ ਸਿੰਘ ਅਗਵਾਈ ਕਰਨ, ਅਦਾਲਤੀ ਟਿਪਣੀ ਦਾ ਵਿਰੋਧ ਕਰਨ ਜਿਵੇਂ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੀਤਾ ਸੀ।
ਡਾ. ਚੀਮਾ ਨੇ ਪੁਛਿਆ ਕਿ ਉਹ ਕਾਂਗਰਸ ਲੀਡਰ ਕਿਥੇ ਗਏ ਜੋ ਚੋਣਾਂ ਤੋਂ ਪਹਿਲਾਂ, ਬਤੌਰ ਵਿਰੋਧੀ ਧਿਰ, ਐਸਵਾਈਐਲ ਨਹਿਰ ਦੇ ਮੁੱਦੇ 'ਤੇ ਅਸਤੀਫ਼ੇ ਦੇਣ ਦੀ ਦੁਹਾਈ ਦਿੰਦੇ ਸਨ। ਅਕਾਲੀ ਲੀਡਰ ਨੇ ਕਿਹਾ ਕਿ ਸਾਡੀ ਪਾਰਟੀ ਯਾਨੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ, ਪੰਜਾਬ ਨਾਲ ਹੁੰਦੀ ਬੇਇਨਸਾਫ਼ੀ ਵਿਰੁਧ ਰਿਹਾ ਹੈ ਅਤੇ ਹੁਣ ਵੀ ਵਿਰੋਧ ਹੀ ਕਰੇਗਾ।