ਗੁਰਦਾਸਪੁਰ ਦੇ ਵਿਧਾਇਕਾਂ ਨੇ ਮੁੱਖ ਮੰਤਰੀ ਸਾਹਮਣੇ ਸਮੱਸਿਆਵਾਂ ਦਾ ਅੰਬਾਰ ਲਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਇਕਾਂ ਦੀਆਂ ਦੁਖ-ਤਕਲੀਫ਼ਾਂ ਸੁਣਨ ਲਈ 'ਲੰਚ 'ਤੇ ਚਰਚਾ' ਮੀਟਿੰਗਾਂ ਦੇ ਸਿਲਸਿਲੇ ਵਜੋਂ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ....

Capt. Amarinder Singh

ਚੰਡੀਗੜ੍ਹ 14 ਜੁਲਾਈ ( ਜੈ ਸਿੰਘ ਛਿੱਬਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਇਕਾਂ ਦੀਆਂ ਦੁਖ-ਤਕਲੀਫ਼ਾਂ ਸੁਣਨ ਲਈ 'ਲੰਚ 'ਤੇ ਚਰਚਾ' ਮੀਟਿੰਗਾਂ ਦੇ ਸਿਲਸਿਲੇ ਵਜੋਂ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਵਿਧਾਇਕਾਂ ਨੇ ਸ਼ਿਕਾਇਤਾਂ ਦੇ ਅੰਬਾਰ ਲਾ ਦਿਤੇ। ਹਾਲਾਂਕਿ ਮੀਟਿੰਗ ਵਿਚ ਦੋ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਅਰੁਣਾ ਚੌਧਰੀ ਵੀ ਸ਼ਾਮਲ ਸਨ, ਪਰ ਨੌਜਵਾਨ ਵਿਧਾਇਕ ਬਰਿੰਦਰਜੀਤ ਸਿੰਘ ਪਾਹੜਾ ਵਲੋਂ ਮੁੱਖ ਮੰਤਰੀ ਦੇ ਸਾਹਮਣੇ ਸਮੱਸਿਆਵਾਂ ਦਾ ਅੰਬਾਰ ਲਗਾ ਦੇਣ ਦੀ ਸੂਚਨਾ ਮਿਲੀ ਹੈ। ਸੂਤਰ ਦਸਦੇ ਹਨ ਕਿ ਮੰਤਰੀਆਂ ਤੇ ਸੀਨੀਅਰ ਵਿਧਾਇਕਾਂ ਨੇ ਅਪਣੀ ਗੱਲ ਸਿੱਧੀ ਮੁੱਖ ਮੰਤਰੀ ਨੂੰ ਕਹਿਣ ਦੀ ਬਜਾਏ ਇਸ ਨੌਜਵਾਨ ਵਿਧਾਇਕ ਰਾਹੀਂ ਅਪਣੀਆਂ ਸਮੱਸਿਆਵਾਂ ਬਿਆਨ ਕੀਤੀਆਂ।
ਸੂਤਰ ਇਹ ਵੀ ਦਸਦੇ ਹਨ ਕਿ ਮੁੱਖ ਮੰਤਰੀ ਨੇ ਗੁਰਦਾਸਪੁਰ ਜ਼ਿਮਨੀ ਚੋਣ ਨੂੰ ਲੈ ਕੇ ਸੰਭਾਵਤ ਉਮੀਦਵਾਰ ਅਤੇ ਵਿਰੋਧੀ ਪਾਰਟੀ ਦੇ ਸੰਭਾਵਤ ਉਮੀਦਵਾਰ ਦੇ ਨਾਮ 'ਤੇ ਵੀ ਚਰਚਾ ਕੀਤੀ ਹੈ। ਸੂਤਰ ਦਸਦੇ ਹਨ ਕਿ ਹਾਲਾਂਕਿ ਕਾਂਗਰਸ ਦੇ ਕਿਸੇ ਸੰਭਾਵਤ ਉਮੀਦਵਾਰ ਦੇ ਨਾਮ ਦੀ ਚਰਚਾ ਨਹੀਂ ਹੋਈ ਹੈ, ਪਰ ਕਾਂਗਰਸ ਗੁਰਦਾਸਪੁਰ ਜ਼ਿਮਨੀ ਚੋਣ ਵੱਕਾਰ ਦਾ ਸਵਾਲ ਬਣਾ ਕੇ ਲੜਨਾ ਤੇ ਜਿਤਣਾ ਚਾਹੁੰਦੀ ਹੈ।
ਪਤਾ ਲੱਗਾ ਹੈ ਕਿ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿਚ ਜਨਵਰੀ ਤੋਂ ਸਟਰੀਟ ਲਾਈਟਾਂ ਹੀ ਬੰਦ ਹਨ।
ਅਕਾਲੀ-ਭਾਜਪਾ ਸਰਕਾਰ ਵੇਲੇ ਨਗਰ ਕੌਂਸਲ ਵਲੋਂ ਸਟਰੀਟ ਲਾਈਟ ਦੇ ਬਿਲ ਦਾ ਭੁਗਤਾਨ ਨਹੀਂ ਕੀਤਾ ਗਿਆ ਜਿਸ ਕਰਕੇ ਪਾਵਰਕਾਮ ਵਲੋਂ ਸਟਰੀਟ ਲਾਈਟ ਦਾ ਕੁਨੈਕਸ਼ਨ ਕੱਟਿਆ ਹੋਇਆ ਹੈ। ਇਸੀ ਤਰ੍ਹਾਂ ਵਾਟਰ ਸਪਲਾਈ ਲਈ ਲਗਾਏ ਗਏ ਟਿਊਬਵੈਲਾ ਦਾ ਬਿਲ ਸ਼ਾਮਲ ਕਰਕੇ ਵਿਆਜ ਸਮੇਤ ਰਾਸ਼ੀ 13 ਕਰੋੜ ਰੁਪਏ ਦਾ ਕਰੀਬ ਬਣਦੀ ਹੈ। ਦੱਸਿਆਂ ਜਾਂਦਾ ਹੈ ਕਿ ਵਿਧਾਇਕ ਬਰਿੰਦਰਜੀਤ ਸਿੰਘ ਪਾਹੜਾ ਨੇ ਗੰਨੇ ਦੀ ਬਕਾਇਆ ਰਾਸ਼ੀ ਦੇ ਭੁਗਤਾਨ ਦਾ ਮੁੱਦਾ ਵੀ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ। ਦੱਸਿਆਂ ਜਾਂਦਾ ਹੈ ਕਿ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਇਕ ਹਫ਼ਤੇ ਦੇ ਅੰਦਰ ਅੰਦਰ ਹੱਲ ਕਰਨ  ਦਾ ਭਰੋਸਾ ਦਿੱਤਾ ਹੈ। ਮੀਟਿੰਗ ਵਿੱਚ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਸੁਖਜਿੰਦਰ ਸਿੰਘ ਰੰਧਾਵਾ, ਫਤੇਹ ਜੰਗ ਬਾਜਵਾ, ਬਲਵਿੰਦਰ ਸਿੰਘ ਲਾਡੀ ਵੀ ਮੌਜੂਦ ਸਨ।
ਵਰਨਣਯੋਗ ਹੈ ਕਿ ਵਿਧਾਇਕਾਂ ਵਲੋਂ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਹੋਣ ਅਤੇ ਅਧਿਕਾਰੀਆਂ ਵਲੋਂ ਵਿਧਾਇਕਾਂ ਦੀ ਗੱਲ ਨਾ ਸੁਣਨ ਕਰਕੇ ਕਾਫੀ ਰੋਸ ਪਾਇਆ ਜਾ ਰਿਹਾ ਸੀ ਤੇ ਇਹ ਮਾਮਲਾ ਮੀਡੀਆ ਦੀਆਂ ਸੁਰਖੀਆਂ ਬਣੀਆਂ  ਸਨ। ਇਸਤੋਂ ਬਾਦ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਸ਼ਾਂਤ ਕਰਨ ਤੇ ਪਲੋਸਣ ਲਈ ਲੰਚ ਤੇ ਡਿਸਕਸ਼ਨ ਕਰਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ।