ਸਤਲੁਜ-ਜਮਨਾ ਲਿੰਕ ਨਹਿਰ ਦੇ ਮੁੱਦੇ 'ਤੇ ਇਨੈਲੋ ਦੇ ਪ੍ਰਦਰਸ਼ਨ ਕਾਰਨ ਪੰਜਾਬ-ਹਰਿਆਣਾ ਦਾ ਸੰਪਰਕ ਟੁਟਿਆ
ਸਤਲੁਜ-ਜਮਨਾ ਲਿੰਕ ਨਹਿਰ (ਐਸ ਵਾਈ ਐਲ) ਦੇ ਮੁੱਦੇ 'ਤੇ ਹਰਿਆਣਾ ਦੇ ਪ੍ਰਮੁੱਖ ਵਿਰੋਧੀ ਦਲ ਇਨੈਲੋ ਦੇ ਕਾਰਕੁਨ ਸਵੇਰੇ ਹੀ ਹਰਿਆਣਾ-ਪੰਜਾਬ ਸਰਹੱਦ 'ਤੇ ਪਹੁੰਚ ਗਏ....
ਚੰਡੀਗੜ੍ਹ, 10 ਜੁਲਾਈ (ਤਰੁਣ ਭਜਨੀ): ਸਤਲੁਜ-ਜਮਨਾ ਲਿੰਕ ਨਹਿਰ (ਐਸ ਵਾਈ ਐਲ) ਦੇ ਮੁੱਦੇ 'ਤੇ ਹਰਿਆਣਾ ਦੇ ਪ੍ਰਮੁੱਖ ਵਿਰੋਧੀ ਦਲ ਇਨੈਲੋ ਦੇ ਕਾਰਕੁਨ ਸਵੇਰੇ ਹੀ ਹਰਿਆਣਾ-ਪੰਜਾਬ ਸਰਹੱਦ 'ਤੇ ਪਹੁੰਚ ਗਏ, ਪਰ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਉਹ ਅਪਣੀ ਯੋਜਨਾ ਵਿਚ ਸਫ਼ਲ ਨਹੀਂ ਹੋ ਸਕੇ। ਦੋਹਾਂ ਰਾਜਾਂ ਵਿਚ ਬੱਸ ਸੇਵਾ ਪਹਿਲਾਂ ਹੀ ਬੰਦ ਕਰ ਦਿਤੀ ਗਈ ਸੀ। ਬੱਸ ਸੇਵਾ ਠੱਪ ਹੋਣ ਕਾਰਨ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਇਨੈਲੋ ਦੇ ਵਰਕਰਾਂ ਨੂੰ ਪੁਲੀਸ ਨੇ ਬੈਰੀਅਰ ਕੋਲ ਹੀ ਰੋਕ ਦਿਤਾ । ਇਸ ਤੋਂ ਬਾਅਦ ਵਰਕਰ ਸ਼ੰਭੂ ਸਰਹੱਦ ਤੇ ਸੜਕ ਵਿਚਕਾਰ ਬੈਠ ਗਏ ।
ਹਰਿਆਣਾ ਨੇ ਸੁਰੱਖਿਆ ਵਿਵਸਥਾ ਦੇ ਲਿਹਾਜ਼ ਨਾਲ 10 ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਨੂੰ ਤੈਨਾਤ ਕੀਤਾ ਗਿਆ ਸੀ। ਪੰਜਾਬ ਨੇ ਵੀ 30 ਕੰਪਨੀਆਂ ਤੈਨਾਤ ਕੀਤੀਆਂ ਸਨ। ਪੰਜਾਬ ਦੇ ਸ਼ੰਭੂ ਬਾਰਡਰ 'ਤੇ ਪਟਿਆਲਾ ਦੇ ਡੀਸੀ ਤੋਂ
ਇਲਾਵਾ ਏਡੀਜੀਪੀ ਹਰਿਆਣਾ ਦੇ ਏਡੀਜੀਪੀ ਨੇ ਹਰਿਆਣਾ ਪੰਜਾਬ ਬਾਰਡਰ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਕੁਲ ਮਿਲਾ ਕੇ ਮਾਹੌਲ ਸ਼ਾਂਤਮਈ ਰਿਹਾ। ਸ਼ੰਭੂ ਬਾਰਡਰ 'ਤੇ ਅਭੇ ਚੌਟਾਲਾ ਅਤੇ ਸੰਸਦ ਦੁਸ਼ਯੰਤ ਚੌਟਾਲਾ ਨੇ ਇਨੈਲੋ ਵਰਕਰਾਂ ਨੂੰ ਸੰਬੋਧਨ ਕੀਤਾ । ਉਨ੍ਹਾਂ ਕਿਹਾ ਕਿ ਉਹ ਐਸ ਵਾਈ ਐਲ ਉਸਾਰੀ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ਚੌਟਾਲਾ ਨੇ ਅੰਦੋਲਨ ਸ਼ਾਂਤੀਪੂਰਨ ਹੋਣ ਦਾ ਦਾਅਵਾ ਕੀਤਾ ਹੈ। ਚੌਟਾਲਾ ਨੇ ਕਿਹਾ ਕਿ ਸਿਰਸਾ, ਫ਼ਤਿਹਾਬਾਦ, ਜੀਂਦ ਅਤੇ ਅੰਬਾਲਾ ਦੇ ਡੀਸੀ ਨੂੰ ਪੱਤਰ ਲਿਖ ਕੇ ਅੰਦੋਲਨ ਦੀ ਸੂਚਨਾ ਦਿਤੀ ਗਈ ਸੀ ।
ਹਰਿਆਣਾ ਅਤੇ ਪੰਜਾਬ ਦੋਹਾਂ ਰਾਜਾਂ ਦੇ ਵਾਹਨਾਂ ਨੂੰ ਇਕ ਦੂਜੇ ਦੀ ਸੀਮਾ ਵਿਚ ਨਹੀਂ ਵੜਨ ਦਿਤਾ ਗਿਆ। ਇਸੇ ਤਰ੍ਹਾਂ ਡੱਬਵਾਲੀ ਵਿਚ ਇਨੈਲੋ ਕਾਰਕੁਨਾਂ ਨੇ ਸੜਕ ਵਿਚਕਾਰ ਬੈਠ ਕੇ ਜਾਮ ਲਗਾਇਆ। ਇਸ ਦੌਰਾਨ ਮੌਕੇ 'ਤੇ ਸੰਸਦ ਚਰਨਜੀਤ ਸਿੰਘ ਰੋੜੀ, ਐਮ.ਐਲ.ਏ. ਮੱਖਨ ਸਿੰਗਲਾ, ਐਮ.ਐਲ.ਏ. ਬਲਕੌਰ ਸਿੰਘ ਵੀ ਮੌਜੂਦ ਰਹੇ। ਉਥੇ ਹੀ ਪਾਣੀਪਤ ਵਿਚ ਭਾਰੀ ਵਾਹਨਾਂ ਨੂੰ ਪੁਲਿਸ ਵਲੋਂ ਨਾਕਾ ਲਗਾ ਕੇ ਜੀਂਦ ਵਲ ਜਾਣ ਤੋਂ ਰੋਕਿਆ ਗਿਆ । ਜੀਂਦ ਵਿਚ ਇਨੈਲੋ ਦੇ ਐਸ ਵਾਈ ਐਲ ਮੁੱਦੇ ਨੂੰ ਲੈ ਕੇ ਚਲ ਰਹੇ ਅੰਦੋਲਨ ਕਾਰਨ ਭਾਰੀ ਵਾਹਨਾਂ ਨੂੰ ਅੱਗੇ ਨਹੀਂ ਜਾਣ ਦਿਤਾ ਗਿਆ। ਇਸੇ ਤਰ੍ਹਾਂ ਕੈਥਲ, ਡੱਬਵਾਲੀ ਵਿਚ ਪੰਜਾਬ ਦੇ ਮਲੋਟ, ਫ਼ਿਰੋਜ਼ਪੁਰ ਅਤੇ ਬਠਿੰਡਾ ਤੋਂ ਆਉਣ ਵਾਲੇ ਵਾਹਨ, ਟੋਹਾਣਾ ਵਿਚ ਪਟਿਆਲਾ ਦੇ ਰਸਤੇ ਆਉਣ ਵਾਲੇ ਵਾਹਨ, ਖਨੌਰੀ ਤੋਂ ਆਉਣ ਵਾਲੇ ਵਾਹਨ, ਅੰਬਾਲਾ ਸਥਿਤ ਬਲਦੇਵ ਨਗਰ ਅਤੇ ਹਰਿਆਣਾ-ਪੰਜਾਬ ਸ਼ੰਭੂ ਬੈਰੀਅਰ 'ਤੇ ਵਾਹਨਾਂ ਨੂੰ ਦਾਖ਼ਲ ਨਹੀਂ ਹੋਣ ਦਿਤਾ ਗਿਆ।
ਦੂਜੇ ਪਾਸੇ ਪੰਜਾਬ ਦੀ ਸਰਹੱਦ ਵਿਚ ਪੰਜਾਬ ਪੁਲਿਸ ਵਲੋਂ ਨਾਕਾਬੰਦੀ ਕੀਤੀ ਗਈ । ਪੰਜਾਬ ਪੁਲਿਸ ਨੇ ਦਸਿਆ ਕਿ ਪੰਜਾਬ ਅਤੇ ਹਰਿਆਣਾ ਪੁਲਿਸ ਦਾ ਤਾਲਮੇਲ ਲਗਾਤਾਰ ਬਣਿਆ ਹੋਇਆ ਹੈ। ਦੂਜੇ ਪਾਸੇ ਮੁਸਾਫ਼ਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਮੁਸਾਫ਼ਰਾਂ ਨੇ ਦਸਿਆ ਕਿ ਉਹ ਸਵੇਰੇ ਤੋਂ ਪੰਜਾਬ ਜਾਣ ਲਈ ਖੜੇ ਹਨ, ਪਰ ਉਨ੍ਹਾਂ ਲਈ ਕੋਈ ਬੱਸ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਅਪਣੀ ਰੋਟੀਆਂ ਸੇਕ ਰਹੀਆਂ ਹਨ ਜਿਸ ਵਿਚ ਲੋਕਾਂ ਨੂੰ ਤੰਗ ਹੋਣਾ ਪੈ ਰਿਹਾ ਹੈ । ਪੰਜਾਬ ਦੀ ਬਸਾਂ ਪੰਜਾਬ ਸਰਹੱਦ ਤਕ ਹੀ ਮੁਸਾਫ਼ਰਾਂ ਨੂੰ ਲਾਹ ਕੇ ਜਾ ਰਹੀਆਂ ਸਨ ।