ਬੈਂਕ ਧੋਖਾਧੜੀ ਮਾਮਲਾ: ਭੂਸ਼ਣ ਸਟੀਲ ਦੇ ਟਿਕਾਣਿਆਂ 'ਤੇ ਛਾਪੇਮਾਰੀ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਟੀਮ ਵਲੋਂ ਅੱਜ ਇਥੇ ਸਥਿਤ ਨਵੀਂ ਦਿੱਲੀ ਐਨਸੀਆਰ ਅਧਾਰਿਤ ਮੈਸਰਜ਼ ਭੂਸ਼ਣ ਪਾਵਰ ਅਤੇ ਸਟੀਲ ਲਿਮਿਟਡ ਦੀ ਯੂਨਿਟ ਉਤੇ ਛਾਪੇਮਾਰੀ ਕੀਤੀ ਗਈ

Central Bureau of Investigation (CBI)

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਟੀਮ ਵਲੋਂ ਅੱਜ ਇਥੇ ਸਥਿਤ ਨਵੀਂ ਦਿੱਲੀ ਐਨਸੀਆਰ ਅਧਾਰਿਤ ਮੈਸਰਜ਼ ਭੂਸ਼ਣ ਪਾਵਰ ਅਤੇ ਸਟੀਲ ਲਿਮਿਟਡ ਦੀ ਯੂਨਿਟ ਉਤੇ ਛਾਪੇਮਾਰੀ ਕੀਤੀ ਗਈ। ਪੰਜਾਬ ਨੈਸ਼ਨਲ ਬੈਂਕ (ਆਈਐਫ਼ਬੀ ਨਵੀਂ ਦਿੱਲੀ ਅਤੇ ਚੰਡੀਗੜ੍ਹ) ਸਣੇ ਕਲਕੱਤਾ ਦੇ ਓਰਿਐਂਟਲ ਬੈਂਕ ਆਫ਼ ਕਮਰਸ, ਆਈਡੀਬੀਆਈ ਬੈਂਕ ਅਤੇ ਯੂਕੋ ਬੈਂਕ ਨਾਲ 2348 ਕਰੋੜ ਰੁਪਏ ਦੀ ਕਰੀਬ ਦੀ ਕਰਜ਼ਾ ਧੋਖਾਧੜੀ ਦੇ ਇਕ ਮਾਮਲੇ ਨਾਲ ਸਬੰਧਿਤ ਇਸ ਕਾਰਵਾਈ ਵਿਚ ਉਕਤ ਕੰਪਨੀ ਦੇ ਸੀਐਮਡੀ ਸੰਜੇ ਸਿੰਘਾਲ, ਵਾਈਸ ਚੇਅਰਮੈਨ ਆਰਤੀ ਸਿੰਘਾਲ, ਡਾਇਰੈਕਟਰ ਰਵੀ ਪ੍ਰਕਾਸ਼ ਗੋਇਲ,

ਫੂਲ ਟਾਈਮ ਡਾਇਰੈਕਟਰ ਰਾਮ ਨਰੇਸ਼ ਯਾਦਵ, ਡਾਇਰੈਕਟਰ ਹਰਦੇਵ ਚੰਦ ਵਰਮਾ ਤੋਂ ਇਲਾਵਾ ਕੰਪਨੀ ਨਾਲ ਸਬੰਧਿਤ ਰਵਿੰਦਰ ਕੁਮਾਰ ਗੁਪਤਾ, ਰਿਤੇਸ਼ ਕਪੂਰ ਅਤੇ ਕਈ ਹੋਰ ਅਣਪਛਾਤੇ ਬੈਂਕ ਕਰਮਚਾਰੀਆਂ ਤੇ ਨਿੱਜੀ ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਸੀਬੀਆਈ ਦੇ ਬੁਲਾਰੇ ਵਲੋਂ ਇਹ ਜਾਣਕਾਰੀ ਮਹਈਆ ਕਰਵਾਈ ਗਈ ਹੈ, ਜਿਸ ਤਹਿਤ ਦਸਿਆ ਗਿਆ ਹੈ ਕਿ ਦਿੱਲੀ ਐਨਸੀਆਰ, ਚੰਡੀਗੜ੍ਹ ਤੋਂ ਇਲਾਵਾ ਕਲਕੱਤਾ ਅਤੇ ਉੜੀਸਾ ਵਿਚ ਕੰਪਨੀ ਦੇ ਦਫ਼ਤਰੀ ਅਤੇ ਰਿਹਾਇਸ਼ੀ ਠਿਕਾਣਿਆਂ 'ਤੇ ਇਕੋ ਸਮੇਂ ਛਾਪੇਮਾਰੀ ਕੀਤੀ ਗਈ।

ਅੱਗੇ ਦਸਿਆ ਗਿਆ ਕਿ ਇਸ ਕੰਪਨੀ ਨੇ ਸਾਲ 2007 ਤੋਂ 2014 ਤੱਕ 33 ਬੈਂਕਾਂ/ਵਿੱਤੀ ਸੰਸਥਾਵਾਂ ਕੋਲੋਂ 47204 ਕਰੋੜ ਰੁਪਏ ਦੇ ਕਰੀਬ ਕਰਜ਼ਾ ਸੁਵਿਧਾਵਾਂ ਲਈਆਂ ਸਨ ਅਤੇ ਮੋੜਨ ਨਾ ਕਾਮਯਾਬ ਰਹੀ। ਜਿਸ ਦੇ ਸਿੱਟੇ ਵਜੋਂ ਮੁੱਖ ਬੈਂਕ ਪੀਐਨਬੀ ਬੈਂਕ ਇਸ ਕੰਪਨੀ ਦਾ ਅਕਾਉਂਟ ਐਨਪੀਏ ਐਲਾਨ ਦਿਤਾ ਤੇ ਬਾਅਦ ਵਿਚ ਦੂਜੇ ਬੈਂਕਾਂ ਤੇ ਵਿੱਤੀ ਸੰਸਥਾਵਾਂ ਨੇ ਵੀ ਅਜਿਹਾ ਹੀ ਕੀਤਾ।

ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮ ਬੈਂਕਾਂ ਦੇ ਅਣਪਛਾਤੇ ਕਰਮਚਾਰੀਆਂ ਅਤੇ ਹੋਰਨਾਂ ਫ਼ਰਜ਼ੀ ਬੈਂਕਾਂ ਤੇ ਵਿੱਤੀ ਸੰਸਥਾਵਾਂ ਆਦਿ ਨਾਲ ਮਿਲ ਕੇ ਅਪਰਾਧਿਕ ਸਾਜ਼ਿਸ਼ ਵੀ ਰਚੀ ਹੈ। ਜਿਸ ਤਹਿਤ ਮੁਲਜ਼ਮ ਨੇ ਬੜੀ ਹੀ ਗ਼ੈਰ ਇਮਾਨਦਾਰੀ ਅਤੇ ਫਰਜ਼ੀਵਾੜੇ ਨਾਲ ਬੈਂਕ ਦੇ ਪੈਸੇ ਦੀ ਵੱਡੀ ਰਕਮ ਕੰਪਨੀਆਂ/ਫ਼ਰਜ਼ੀ ਕੰਪਨੀਆਂ/ਇਕਾਈਆਂ ਆਦਿ ਰਾਹੀਂ ਤਬਦੀਲ ਕਰ ਲਈ ਅਤੇ ਜਾਣ ਬੁੱਝ ਕੇ ਮੁੜ ਭੁਗਤਾਨ ਧੋਖਾਧੜੀ ਕੀਤੀ।