ਪੰਜਵੀਂ ਤੇ ਅੱਠਵੀਂ ਵਿਚੋਂ ਫੇਲ੍ਹ ਵਿਦਿਆਰਥੀ ਨਹੀਂ ਜਾਣਗੇ ਅਗਲੀ ਜਮਾਤ 'ਚ
ਪੰਜਵੀਂ ਅਤੇ ਅੱਠਵੀਂ ਜਮਾਤ ਦੇ ਮਾਰਚ ਵਿਚ ਹੁੰਦੇ ਇਮਤਿਹਾਨਾਂ ’ਚੋਂ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਜੂਨ ਵਿਚ ਦੁਬਾਰਾ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ
ਪੰਜਾਬ- ਹੁਣ ਪੰਜਵੀਂ ਤੇ ਅੱਠਵੀਂ ਜਮਾਤ ਵਿਚੋਂ ਫੇਲ੍ਹ ਵਿਦਿਆਰਥੀ ਅਗਲੀ ਜਮਾਤ ਵਿਚ ਨਹੀਂ ਜਾ ਸਕਣਗੇ। ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਸਕੂਲਾਂ ਨੂੰ ਕਿਹਾ ਹੈ ਕਿ ਪੰਜਵੀਂ ਅਤੇ ਅੱਠਵੀਂ ਜਮਾਤ ’ਚੋਂ ਫੇਲ੍ਹ ਹੋਣ ਵਾਲੇ ਬੱਚਿਆਂ ਨੂੰ ਅਗਲੀ ਜਮਾਤ ਵਿਚ ਪ੍ਰਮੋਟ ਨਾ ਕੀਤਾ ਜਾਵੇ। ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਨੇ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਭੇਜੇ ਪੱਤਰ ਵਿਚ ਕਿਹਾ ਕਿ ਪੰਜਵੀਂ ’ਚੋਂ ਫੇਲ੍ਹ ਹੋਣ ਵਾਲਿਆਂ ਨੂੰ ਛੇਵੀਂ ਵਿਚ ਅਤੇ ਅੱਠਵੀਂ ’ਚੋਂ ਫੇਲ੍ਹ ਹੋਣ ਵਾਲਿਆਂ ਨੂੰ ਨੌਵੀਂ ਜਮਾਤ ਵਿਚ ਪ੍ਰਮੋਟ ਕੀਤੇ ਜਾਣ ਦੀ ਕੋਈ ਲੋੜ ਨਹੀਂ ਹੈ।
ਇਸ ਤੋਂ ਪਹਿਲਾਂ ਜੁਲਾਈ 2018 ਵਿਚ ਸੰਸਦ ਵੱਲੋਂ ਸਿੱਖਿਆ ਦਾ ਅਧਿਕਾਰ ਐਕਟ ਵਿਚ ਸੋਧ ਕਰਦਿਆਂ ਬਿੱਲ ਪਾਸ ਕਰਕੇ ਪ੍ਰਾਇਮਰੀ ਸਕੂਲਾਂ ਵਿਚ ਫੇਲ੍ਹ ਨਾ ਕਰਨ ਦੀ ਨੀਤੀ ਰੱਦ ਕੀਤੀ ਗਈ ਸੀ। ਇਸ ਸੋਧ ਨਾਲ ਸਹਿਮਤ ਹੁੰਦਿਆਂ ਡਾਇਰੈਕਟਰ ਨੇ ਹੁਣ ਸਾਰੇ ਸਕੂਲਾਂ ਦੇ ਮੁੱਖੀਆਂ ਨੂੰ ਪੱਤਰ ਜਾਰੀ ਕੀਤਾ ਹੈ। ਪੰਜਵੀਂ ਅਤੇ ਅੱਠਵੀਂ ਜਮਾਤ ਦੇ ਮਾਰਚ ਵਿਚ ਹੁੰਦੇ ਇਮਤਿਹਾਨਾਂ ’ਚੋਂ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਜੂਨ ਵਿਚ ਦੁਬਾਰਾ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ। ਮੁੜ ਫੇਲ੍ਹ ਹੋਣ ਦੀ ਸੂਰਤ ਵਿਚ ਵਿਦਿਆਰਥੀ ਨੂੰ ਅਗਲੀ ਜਮਾਤ ਵਿਚ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਉਹੀ ਜਮਾਤ ਦੁਬਾਰਾ ਕਰਨੀ ਪਵੇਗੀ।