ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਲੈ ਫ਼ਰਾਰ ਹੋਇਆ ਪੋਸਟ ਮਾਸਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਕਪੂਰਥਲਾ ਦੇ ਪਿੰਡ ਧਾਰੀਵਾਲ ਬੇਟ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਲੱਖਾਂ ਰੁਪਏ ਪੋਸਟ ਮਾਸਟਰ ਲੈ ਕੇ ਫ਼ਰਾਰ ਹੋ ਗਿਆ ਹੈ।

Postman

ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ): ਜ਼ਿਲ੍ਹਾ ਕਪੂਰਥਲਾ ਦੇ ਪਿੰਡ ਧਾਰੀਵਾਲ ਬੇਟ ਦੇ ਲੋਕ ਉਸ ਸਮੇਂ ਹੱਕੇ ਬੱਕੇ ਰਹਿ ਗਏ, ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਲੱਖਾਂ ਰੁਪਏ ਪੋਸਟ ਮਾਸਟਰ ਲੈ ਕੇ ਫ਼ਰਾਰ ਹੋ ਗਿਆ ਹੈ। ਜਿਸ ਤੋਂ ਬਾਅਦ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਦਰਅਸਲ ਪਿੰਡ ਵਾਸੀ ਹਰ ਮਹੀਨੇ ਪਿੰਡ ਦੇ ਡਾਕਘਰ ਵਿਚ ਸੁਕੰਨਿਆ ਯੋਜਨਾ ਅਤੇ ਹੋਰ ਵੱਖ-ਵੱਖ ਸਕੀਮਾਂ ਤਹਿਤ ਪੈਸੇ ਜਮ੍ਹਾਂ ਕਰਵਾਉਂਦੇ ਸਨ। ਪੋਸਟ ਮਾਸਟਰ ਉਨ੍ਹਾਂ ਦੀਆ ਪਾਸਬੁੱਕਾਂ ’ਤੇ ਤਾਂ ਐਂਟਰੀ ਕਰਦਾ ਰਿਹਾ ਪਰ ਉਸਨੇ ਸਰਕਾਰੀ ਰਿਕਾਰਡ ਵਿਚ ਲੋਕਾਂ ਦੇ ਪੈਸੇ ਜਮ੍ਹਾਂ ਹੀ ਨਹੀਂ ਕਰਵਾਏ। ਪਿੰਡ ਧਾਰੀਵਾਲ ਬੇਟ ਦੇ ਸਰਪੰਚ ਯੁਧਵੀਰ ਸਿੰਘ ਰਾਣਾ ਨੇ ਜਦੋਂ ਕਥਿਤ ਦੋਸ਼ੀ ਪੋਸਟ ਮਾਸਟਰ ਮਨਜੀਤ ਸਿੰਘ ਨੂੰ ਇਸ ਮਸਲੇ ਸਬੰਧੀ ਪੰਚਾਇਤ ਵਿਚ ਆਉਣ ਲਈ ਕਿਹਾ ਤਾਂ ਉਹ ਘਰ ਨੂੰ ਤਾਲਾ ਲਗਾ ਕੇ ਪਰਿਵਾਰ ਸਮੇਤ ਫ਼ਰਾਰ ਹੋ ਗਿਆ।

ਦਰਜਨਾ ਪੀੜਤਾ ਨੂੰ ਪੱਤਰਕਾਰ ਸਾਹਮਣੇ ਲੈ ਕੇ ਆਏ ਪਰਮਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਸ ਨਾਲ 45000 ਰੁਪਏ ਦੀ ਠੱਗੀ ਹੋਈ ਹੈ ਅਤੇ ਚਰਚਾ ਛਿੜ ਜਾਣ ਤੇ ਹੋਰ ਵੀ ਦਰਜਨਾ ਕੇਸ ਸਾਹਮਣੇ ਆ ਰਹੇ ਹਨ । ਪੀੜਤ ਵਿਅਕਤੀਆ ਦਾ ਕਹਿਣਾ ਹੈ ਕਿ ਉਹਨਾ ਦੀ ਠੱਗੀ ਗਈ ਰਕਮ  ਅੱਠ ਲੱਖ ਰੁਪਏ ਤੋ ਵਧੇਰੇ ਹੈ ।

ਉਹਨਾ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਇਮਾਨਦਾਰੀ ਨਾਲ ਮਾਮਲੇ ਦੀ ਜਾਂਚ ਕਰੇ ਤਾ ਪਰਦੇ ਦੇ ਪਿੱਛੇ ਛੁਪੇ ਦੋਸ਼ੀ ਅਧਿਕਾਰੀ ਵੀ ਬੇਪਰਦਾ ਹੋ ਸਕਦੇ ਹਨ। ਪੀੜਤ ਲੋਕਾਂ ਨੇ ਪੱਤਰਕਾਰਾਂ ਅੱਗੇ ਅਪਣਾ ਦੁੱਖੜਾ ਸੁਣਾਉਂਦਿਆਂ ਆਖਿਆ ਕਿ ਲੋਕਾਂ ਨਾਲ ਠੱਗੀ ਮਾਰਨ ਵਾਲੇ ਪੋਸਟ ਮਾਸਟਰ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਜਦੋਂ ਪੱਤਰਕਾਰਾਂ ਨੇ ਪੋਸਟ ਮਾਸਟਰ ਮਨਜੀਤ ਸਿੰਘ ਦੇ ਮੋਬਾਈਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੋਬਾਈਲ ਫੋਨ ਬੰਦ ਮਿਲਿਆ। ਮਾਨਸਿਕ ਪ੍ਰੇਸ਼ਾਨੀ ਵਿਚ ਗੁਜਰ ਰਹੇ ਗਰੀਬ ਪੀੜਤਾਂ ਵਿਚ ਬਹੁਤੇ ਦਿਹਾੜੀਦਾਰ ਮਜਦੂਰ ਹਨ ।

 ਜਿਹਨਾ ਨੂੰ ਮਹਿਕਮੇ ਦੇ ਉੱਚ ਅਧਿਕਾਰੀ ਵੀ ਕੋਈ ਤਸੱਲੀ ਬਖਸ਼ ਜੁਆਬ ਨਹੀ ਦੇ ਰਹੇ । ਦੇਖਣਾ ਇਹ ਹੋਵੇਗਾ ਕਿ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦੇ ਦਾਅਵੇ ਕਰਦੀ ਸਰਕਾਰ ਲੋਕਾਂ ਨਾਲ ਹੋਈ ਇਸ ਠੱਗੀ ਦੇ ਮਾਮਲੇ ਵਿਚ ਕੀ ਕਾਰਵਾਈ ਕਰਦੀ ਹੈ?