ਅਰਬਪਤੀਆਂ ਦੇ ਮਾਮਲੇ ਵਿਚ ਭਾਰਤ ਦਾ ਦੁਨੀਆਂ ਵਿਚ ਤੀਜਾ ਨੰਬਰ

ਏਜੰਸੀ

ਖ਼ਬਰਾਂ, ਪੰਜਾਬ

ਅਰਬਪਤੀਆਂ ਦੇ ਮਾਮਲੇ ਵਿਚ ਭਾਰਤ ਦਾ ਦੁਨੀਆਂ ਵਿਚ ਤੀਜਾ ਨੰਬਰ

image

ਮੁਕੇਸ਼ ਅੰਬਾਨੀ ਨੇ ਜੈਕ ਮਾ ਨੂੰ ਪਿੱਛੇ ਛਡਿਆ

ਨਿਊਯਾਰਕ, 7 ਅਪ੍ਰੈਲ : ਫ਼ੋਰਬਸ ਮੈਗਜ਼ੀਨ ਦੀ ਤਾਜ਼ਾ ਸਰਵੇਖਣ ਰਿਪੋਰਟ ਮੁਤਾਬਕ, ਦੁਨੀਆਂ ਵਿਚ ਅਮਰੀਕਾ ਅਤੇ ਚੀਨ ਤੋਂ ਬਾਅਦ ਸੱਭ ਤੋਂ ਜ਼ਿਆਦਾ ਅਰਬਪਤੀ ਭਾਰਤ ਵਿਚ ਹਨ ਜਦੋਂਕਿ ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਨੇ ਚੀਨੀ ਕਾਰੋਬਾਰੀ ਜੈਕ ਮਾ ਨੂੰ ਪਿੱਛੇ ਛੱਡ ਕੇ ਏਸ਼ੀਆ ਦੇ ਸੱਭ ਤੋਂ ਅਮੀਰ ਸ਼ਖ਼ਸ ਦਾ ਸਥਾਨ ਹਾਸਲ ਕਰ ਲਿਆ ਹੈ। ਉੱਥੇ ਹੀ, ਐਮਾਜ਼ੋਨ ਦੇ ਸੀ. ਈ. ਓ. ਤੇ ਸੰਸਥਾਪਕ ਜੈਫ਼ ਬੇਜੋਂਸ ਲਗਾਤਾਰ ਚੌਥੇ ਸਾਲ ਦੁਨੀਆਂ ਦੇ ਅਰਬਪਤੀਆਂ ਦੀ 35ਵੀਂ ਸਲਾਨਾ ਸੂਚੀ ਵਿਚ ਪਹਿਲੇ ਸਥਾਨ ’ਤੇ ਹਨ। ਫ਼ੋਰਬਜ਼ ਮੁਤਾਬਕ, ਬੇਜੋਂਸ ਦੀ ਜਾਇਦਾਦ 177 ਅਰਬ ਡਾਲਰ ਹੈ, ਇਹ ਇਕ ਸਾਲ ਪਹਿਲਾਂ 64 ਅਰਬ ਡਾਲਰ ਸੀ।  ਇਸ ਸੂਚੀ ਵਿਚ ਦੂਜੇ ਸਥਾਨ ’ਤੇ ਟੈਸਲਾ ਦੇ ਸੀ.ਈ.ਓ. ਐਲਨ ਮਸਕ ਹਨ। ਉਨ੍ਹਾਂ ਦੀ ਕੁਲ ਜਾਇਦਾਦ ਪਿਛਲੇ ਸਾਲ ਦੇ ਮੁਕਾਬਲੇ 126.4 ਅਰਬ ਡਾਲਰ ਵੱਧ ਕੇ 151 ਅਰਬ ਡਾਲਰ ਹੋ ਗਈ ਹੈ। ਪਿਛਲੇ ਸਾਲ ਮਸਕ 24.6 ਅਰਬ ਡਾਲਰ ਨਾਲ 31ਵੇਂ ਸਥਾਨ ’ਤੇ ਸਨ। ਫ਼ੋਰਬਜ਼ ਨੇ ਕਿਹਾ ਕਿ ਇਸ ਦੀ ਮੁੱਖ ਵਜ੍ਹਾ ਟੈਸਲਾ ਦੇ ਸ਼ੇਅਰਾਂ ਵਿਚ 705 ਫ਼ੀ ਸਦੀ ਵਾਧਾ ਹੈ। ਭਾਰਤ ਅਤੇ ਏਸ਼ੀਆ ਦੇ ਸੱਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ 84.5 ਅਰਬ ਅਮਰੀਕੀ ਡਾਲਰ ਦੀ ਜਾਇਦਾਦ ਨਾਲ ਦੁਨੀਆ ਦੇ ਅਰਬਪਤੀਆਂ ਦੀ ਸੂਚੀ ਵਿਚ 10ਵੇਂ ਸਥਾਨ ’ਤੇ ਹਨ।  (ਏਜੰਸੀ)