ਬੀਤੇ 24 ਘੰਟੇ ਦੌਰਾਨ ਮੀਂਹ ਤੇ ਝੱਖੜ ਨੇ ਕਣਕ ਦੀ ਪੱਕ ਚੁਕੀ ਫ਼ਸਲ ਦਾ ਕੀਤਾ ਨੁਕਸਾਨ

ਏਜੰਸੀ

ਖ਼ਬਰਾਂ, ਪੰਜਾਬ

ਬੀਤੇ 24 ਘੰਟੇ ਦੌਰਾਨ ਮੀਂਹ ਤੇ ਝੱਖੜ ਨੇ ਕਣਕ ਦੀ ਪੱਕ ਚੁਕੀ ਫ਼ਸਲ ਦਾ ਕੀਤਾ ਨੁਕਸਾਨ

image

ਮਾਲਵੇ ਦੇ ਕਈ ਜ਼ਿਲ੍ਹਿਆਂ ਵਿਚ ਬੀਤੀ ਰਾਤ ਹੋਇਆ ਵੱਧ ਨੁਕਸਾਨ

ਚੰਡੀਗੜ੍ਹ, 7 ਅਪ੍ਰੈਲ (ਗੁਰਉਪਦੇਸ਼ ਭੁੱਲਰ): ਬੀਤੇ 24 ਘੰਟੇ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਆਏ ਮੀਂਹ ਤੇ ਝੱਖੜ ਨੇ ਪੱਕ ਚੁੱਕੀਆਂ ਕਣਕ ਦੀਆਂ ਫ਼ਸਲਾਂ ਦਾ ਨੁਕਸਾਨ ਕੀਤਾ ਹੈ। ਬੀਤੀ ਰਾਤ ਤੇਜ਼ ਹਵਾਵਾਂ ਨਾਲ ਪਏ ਮੀਂਹ ਕਾਰਨ ਜ਼ਿਆਦਾ ਨੁਕਸਾਨ ਮਾਲਵੇ ਦੇ ਕਈ ਜ਼ਿਲ੍ਹਿਆਂ ਵਿਚ ਹੋਇਆ ਹੈ। 
ਇਸ ਦੌਰਾਨ ਮਿਲੀ ਜਾਣਕਾਰੀ ਮੁਤਾਬਕ ਹੋਏ ਨੁਕਸਾਨ ਦੇ ਜਾਇਜ਼ੇ ਲਈ ਖੇਤੀ ਵਿਭਾਗ ਨੇ ਵੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿਤੀ ਹੈ ਤਾਂ ਜੋ ਕਿਸਾਨਾਂ ਦੀ ਗਿਰਦਾਵਰੀ ਹੋਣ ’ਤੇ ਨੁਕਸਾਨ ਦੀ ਭਰਪਾਈ ਹੋ ਸਕੇ। ਮਿਲੀ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਤੋਂ ਸ਼ੁਰੂ ਹੋਏ ਮੀਂਹ ਤੇ ਝੱਖੜ ਦਾ ਵਧੇਰੇ ਅਸਰ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਬਠਿੰਡਾ, ਮਾਨਸਾ ਤੇ ਸੰਗਰੂਰ ਵਿਚ ਪਿਆ। ਕਈ ਥਾਵਾਂ ’ਤੇ ਖੇਤਾਂ ਵਿਚ ਪੱਕੀਆਂ ਖੜੀਆਂ ਕਟਾਈ ਲਈ ਤਿਆਰ ਕਣਕ ਦੀਆਂ ਫ਼ਸਲਾਂ ਤੇਜ਼ ਹਵਾ ਨਾਲ ਡਿੱਗ ਪਈਆਂ ਜਿਸ ਨਾਲ ਝਾੜ ’ਤੇ ਅਸਰ ਪਵੇਗਾ ਕਿਉਂਕਿ ਹਵਾ ਨਾਲ ਦਾਣੇ ਡਿੱਗ ਪੈਂਦੇ ਹਨ ਜਾਂ ਬਦਰੰਗ ਹੋ ਜਾਂਦੇ ਹਨ। ਨਮੀ ਦੀ ਮਾਤਰਾ ਵਧਣ ਨਾਲ ਵੀ ਖ਼ਰੀਦ ਸਮੇਂ ਪੂਰਾ ਭਾਅ ਨਾ ਮਿਲਣ ਕਾਰਨ ਨੁਕਸਾਨ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾਈ ਮੀਤ ਪ੍ਰਧਾਨ ਸ਼ਿੰਗਾਰਾ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੀਂਹ ਤੇ ਝੱਖੜ ਕਾਰਨ ਪੱਕੀ ਫ਼ਸਲ ਨੂੰ ਹੋਏ ਨੁਕਸਾਨ ਦੀ ਗਿਰਦਾਵਰੀ ਦੇ ਤੁਰਤ ਹੁਕਮ ਦੇ ਕੇ ਕਿਸਾਨਾਂ ਨੂੰ ਬਣਦੀ ਸਹਾਇਤਾ ਸਮੇਂ ਸਿਰ ਦਿਵਾਈ ਜਾਵੇ।