ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਲਈ ‘ਸ਼ਹੀਦ ਸਮਾਰਕ’ ਦੀ ਰੱਖੀ ਗਈ ਨੀਂਹ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਲਈ ‘ਸ਼ਹੀਦ ਸਮਾਰਕ’ ਦੀ ਰੱਖੀ ਗਈ ਨੀਂਹ

image

320 ਸ਼ਹੀਦ ਕਿਸਾਨਾਂ ਦੇ ਪਿੰਡਾਂ ਤੋਂ ਸਮਾਰਕ ਲਈ ਮਿੱਟੀ ਲੈ ਕੇ ਆਏ ਸਮਾਜ ਸੇਵੀ

ਗਾਜ਼ੀਆਬਾਦ, 7 ਅਪ੍ਰੈਲ : ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਨੇ ਦਿੱਲੀ-ਗਾਜ਼ੀਆਬਾਦ ਸਰਹੱਦ ’ਤੇ ਸਥਿਤ ਅੰਦੋਲਨ ਵਾਲੀ ਥਾਂ ’ਤੇ ‘ਸ਼ਹੀਦ ਸਮਾਰਕ’ ਦੀ ਨੀਂਹ ਰੱਖੀ ਹੈ। ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਨੇ ਦਾਅਵਾ ਕੀਤਾ ਕਿ ਸਮਾਜਕ ਵਰਕਰ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਮਾਰੇ ਗਏ 320 ਕਿਸਾਨਾਂ ਦੇ ਪਿੰਡਾਂ ਤੋਂ ਸਮਾਰਕ ਲਈ ਮਿੱਟੀ ਲੈ ਕੇ ਆਏ।
ਬੀ. ਕੇ. ਯੂ. ਦੇ ਮੀਡੀਆ ਮੁਖੀ ਧਰਮਿੰਦਰ ਮਲਿਕ ਨੇ ਦਸਿਆ ਕਿ ਸੁਤੰਤਰਤਾ ਸੰਗ੍ਰਾਮ ਦੇ ਸ਼ਹੀਦਾਂ ਦੇ ਪਿੰਡਾਂ ਤੋਂ ਇਕੱਠੀ ਕੀਤੀ ਮਿੱਟੀ ਵੀ ਪ੍ਰਦਰਸ਼ਨ ਵਾਲੀ ਥਾਂ ’ਤੇ ਲਿਆਂਦੀ ਗਈ। 
ਇਸ ਪ੍ਰਦਰਸ਼ਨ ਵਾਲੀ ਥਾਂ ’ਤੇ ਬੀ. ਕੇ. ਯੂ. ਆਗੂ ਰਾਕੇਸ਼ ਟਿਕੈਤ ਅਤੇ ਸਮਾਜਕ ਵਰਕਰ ਮੇਧਾ ਪਾਟਕਰ ਨੇ ਮੰਗਲਵਾਰ ਨੂੰ ਸਮਾਰਕ ਲਈ ਨੀਂਹ ਰੱਖੀ। ਬਾਅਦ ਵਿਚ ਇਸ ਸਮਾਰਕ ਨੂੰ ਸਥਾਈ ਤੌਰ ’ਤੇ ਬਣਾਇਆ ਜਾਵੇਗਾ। ਹਾਲਾਂਕਿ ਗਾਜ਼ੀਆਬਾਦ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਜੇ ਸ਼ੰਕਰ ਪਾਂਡੇ ਨੇ ਕਿਹਾ ਕਿ ‘ਸ਼ਹੀਦ ਸਮਾਰਕ’ ਲਈ ਨੀਂਹ ਮਹਿਜ ਇਕ ਪ੍ਰਤੀਕ ਦੇ ਤੌਰ ’ਤੇ ਰੱਖੀ ਗਈ ਹੈ, ਨਾ ਕਿ ਸਥਾਈ ਰੂਪ ਤੋਂ। ਬੀ. ਕੇ. ਯੂ. ਨੇ ਦਸਿਆ ਕਿ 50 ਸਮਾਜਕ ਵਰਕਰਾਂ ਦਾ ਇਕ ਸਮੂਹ ਸਾਰੇ ਸੂਬਿਆਂ ਤੋਂ ਮਿੱਟੀ ਲੈ ਕੇ ਆਇਆ ਹੈ। ਪ੍ਰਦਰਸ਼ਨ ਵਾਲੀ ਥਾਂ ’ਤੇ ਸੁਤੰਤਰਤਾ ਸੈਨਾਨੀ ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫਾਕੁੱਲਾਹ ਖ਼ਾਨ ਦੇ ਪਿੰਡਾਂ ਤੋਂ ਵੀ ਮਿੱਟੀ ਲਿਆਂਦੀ ਗਈ। ਏਜੰਸੀ)