ਹਿੰਦੂਆਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ੀ ਸਹਾਇਕ ਪ੍ਰੋਫ਼ੈਸਰ ਨੂੰ ਕੀਤਾ ਮੁਅੱਤਲ
ਹਿੰਦੂਆਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ੀ ਸਹਾਇਕ ਪ੍ਰੋਫ਼ੈਸਰ ਨੂੰ ਕੀਤਾ ਮੁਅੱਤਲ
ਅਲੀਗੜ੍ਹ, 6 ਅਪ੍ਰੈਲ : ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐਮ.ਯੂ.) ਪ੍ਰਸ਼ਾਸਨ ਨੇ ਯੂਨੀਵਰਸਿਟੀ ਨਾਲ ਸਬੰਧਤ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਦੇ ਇਕ ਸਹਾਇਕ ਪ੍ਰੋਫ਼ੈਸਰ ਨੂੰ ਹਿੰਦੂ ਧਰਮ ਦੀਆਂ ਕਥਾਵਾਂ ਵਿਚ ‘ਬਲਾਤਕਾਰ’ ਨਾਲ ਸਬੰਧਤ ਉਦਾਹਰਣ ਦੇ ਕੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਬੁਧਵਾਰ ਨੂੰ ਮੁਅੱਤਲ ਕਰ ਦਿਤਾ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਲਈ ਦੋ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਦੋਸ਼ੀ ਪ੍ਰੋਫ਼ੈਸਰ ਨੇ ਬੁਧਵਾਰ ਨੂੰ ਵਾਈਸ-ਚਾਂਸਲਰ ਨੂੰ ਪੱਤਰ ਲਿਖ ਕੇ ਬਿਨਾਂ ਸ਼ਰਤ ਮੁਆਫ਼ੀ ਮੰਗਦਿਆਂ ਕਿਹਾ ਕਿ ਉਸ ਦਾ ਕਿਸੇ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ।
ਏਐਮਯੂ ਦੇ ਰਜਿਸਟਰਾਰ ਅਬਦੁਲ ਹਮੀਦ ਨੇ ਬੁਧਵਾਰ ਨੂੰ ਕਿਹਾ ਕਿ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਦੇ ਫੋਰੈਂਸਿਕ ਮੈਡੀਸਨ ਵਿਭਾਗ ਦੇ ਸਹਾਇਕ ਪ੍ਰਫ਼ੈਸਰ ਡਾ: ਜਤਿੰਦਰ ਕੁਮਾਰ ’ਤੇ ਕਥਿਤ ਤੌਰ ’ਤੇ ਪਿਛਲੇ ਦਿਨੀਂ ਅਪਣੇ ਇਕ ਕਲਾਸ ਲੈਕਚਰ ਦੌਰਾਨ ਹਿੰਦੂ ਧਰਮ ਦੀਆਂ ਕਥਾਵਾਂ ਵਿਚ ਬਲਾਤਕਾਰ ਦੇ ਕੱੁਝ ਸੰਦਰਭਾਂ ਬਾਰੇ ਕੁੱਝ ਟਿਪਣੀਆਂ ਕੀਤੀਆਂ ਸਨ ਜਿਸ ਨਾਲ ਹਿੰਦੂ ਵਿਦਿਆਰਥੀਆਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਿਆ ਸੀ।
ਉਨ੍ਹਾਂ ਦਸਿਆ ਕਿ ਇਹ ਮਾਮਲਾ ਜਦੋਂ ਮੀਡੀਆ ਰਾਹੀਂ ਉਠਾਇਆ ਗਿਆ ਤਾਂ ਕੁਮਾਰ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰ ਕੇ 24 ਘੰਟਿਆਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਸੀ। ਹਾਲਾਂਕਿ ਮਾਮਲੇ ਦੀ ਗੰਭੀਰਤਾ ਅਤੇ ਮੁੱਢਲੀ ਜਾਂਚ ’ਚ ਦੋਸ਼ ਸਹੀ ਪਾਏ ਜਾਣ ਕਾਰਨ ਬੁਧਵਾਰ ਨੂੰ ਉਸ ਨੂੰ ਮੁਅੱਤਲ ਵੀ ਕਰ ਦਿਤਾ ਗਿਆ। ਨਾਲ ਹੀ ਮਾਮਲੇ ਦੀ ਜਾਂਚ ਲਈ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। (ਏਜੰਸੀ)