ਚੰਡੀਗੜ੍ਹ MC ਬੈਠਕ: ਚੰਡੀਗੜ੍ਹ ਨੂੰ UT ਦਾ ਦਰਜਾ ਬਰਕਰਾਰ ਰੱਖਣ ਦਾ ਮਤਾ ਪਾਸ
ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਕਾਂਗਰਸੀ ਕੌਂਸਲਰਾਂ ਨੇ ਮੀਟਿੰਗ ਦਾ ਕੀਤਾ ਵਾਕਆਊਟ
ਚੰਡੀਗੜ੍ਹ - ਚੰਡੀਗੜ੍ਹ ਨਗਰ ਨਿਗਮ ਹਾਊਸ ਤੋਂ ਅੱਜ ਵਿਰੋਧੀ ਪਾਰਟੀਆਂ ਦੇ ਵਾਕਆਊਟ ਤੋਂ ਬਾਅਦ ਭਾਜਪਾ ਨੇ ਆਪਣੇ 13 ਕੌਂਸਲਰਾਂ ਰਾਹੀਂ ਚੰਡੀਗੜ੍ਹ ਦੀ ਹੋਂਦ ਨਾਲ ਸਬੰਧਤ ਮਤਾ ਪਾਸ ਕਰ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚੰਡੀਗੜ੍ਹ ਦਾ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਬਰਕਰਾਰ ਰੱਖਿਆ ਜਾਵੇ ਅਤੇ ਸ਼ਹਿਰ ਨੂੰ ਆਪਣੀ ਵਿਧਾਨ ਸਭਾ ਦਾ ਗਠਨ ਕਰਨਾ ਚਾਹੀਦਾ ਹੈ ਤਾਂ ਜੋ ਸ਼ਹਿਰ ਦੇ ਵਸਨੀਕ ਆਪਣੇ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਸ਼ਹਿਰ ਦੀਆਂ ਨੀਤੀਆਂ ਅਤੇ ਭਵਿੱਖ ਦੇ ਫੈਸਲਿਆਂ ਵਿਚ ਹਿੱਸਾ ਲੈ ਸਕਣ। ਕੇਂਦਰ ਦੇ ਦਖਲ ਨਾਲ ਹਰਿਆਣਾ ਅਤੇ ਪੰਜਾਬ ਨੂੰ ਆਪੋ-ਆਪਣੇ ਰਾਜਾਂ ਦੀਆਂ ਆਜ਼ਾਦ ਰਾਜਧਾਨੀਆਂ ਵਜੋਂ ਵਿਕਸਤ ਕਰਨ ਦੇ ਹੁਕਮ ਜਾਰੀ ਕੀਤੇ ਜਾਣ।
ਭਾਜਪਾ ਕੌਂਸਲਰ ਮਹੇਸ਼ਇੰਦਰ ਸਿੱਧੂ ਨੇ ਇਹ ਪ੍ਰਸਤਾਵ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹੀ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਮੁਲਾਜ਼ਮਾਂ 'ਤੇ ਕੇਂਦਰ ਦੇ ਸੇਵਾ ਨਿਯਮ ਲਾਗੂ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਦਾ ਧੰਨਵਾਦ ਮਤਾ ਵੀ ਪਾਸ ਕੀਤਾ ਗਿਆ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਮੁੱਦੇ 'ਤੇ ਨਗਰ ਨਿਗਮ 'ਚ ਭਾਜਪਾ ਦੇ ਪ੍ਰਸਤਾਵ 'ਤੇ ਭਾਰੀ ਹੰਗਾਮੇ ਦਰਮਿਆਨ 'ਆਪ' ਅਤੇ ਕਾਂਗਰਸ ਨੇ ਵਾਕਆਊਟ ਕਰ ਦਿੱਤਾ ਸੀ। ਚੰਡੀਗੜ੍ਹ 'ਚ ਪਾਣੀਆਂ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਬਹਿਸ ਸ਼ੁਰੂ ਹੋ ਗਈ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਸ਼ਹਿਰ ਵਿਚ ਪਾਣੀ ਦੇ ਮੁੱਦੇ ’ਤੇ ਚਰਚਾ ਕੀਤੀ ਜਾਵੇ। ਉਸ ਤੋਂ ਬਾਅਦ ਚੰਡੀਗੜ੍ਹ ਦਾ ਮੁੱਦਾ ਰੱਖਿਆ ਜਾਵੇ।